ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 25 ਜੂਨ
ਹਰਿਆਣਾ ਦੇ ਫਤਿਆਬਾਦ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਕਰਤਾਰਪੁਰ ਵਿੱਚ ਭਰੂਣ ਲਿੰਗ ਦੀ ਜਾਂਚ ਕਰਨ ਵਾਲੇ ਮੁਲਤਾਨੀ ਸਕੈਨਿੰਗ ਸੈਂਟਰ ’ਤੇ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰ ਕੇ ਚਾਰ ਦਲਾਲਾਂ ਨੂੰ ਕਾਬੂ ਕਰ ਲਿਆ ਪਰ ਸਕੈਨਿੰਗ ਸੈਂਟਰ ਦੇ ਮਾਲਕ ਡਾ. ਤਜਿੰਦਰਪਾਲ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਡਾਕਟਰ ਦੇ ਫ਼ਰਾਰ ਹੋਣ ਨਾਲ ਪੁਲੀਸ ਅਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਫਤਿਆਬਾਦ ਦੀ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਗਿਰੀਸ਼ ਕੁਮਾਰ ਡਾ. ਸ਼ਰਦ ਤੁਲੀ ਡਾ. ਗੁੰਜਨ ਬਾਂਸਲ ਮੈਡੀਕਲ ਅਫ਼ਸਰ ਨਾਗਰਿਕ ਹਸਪਤਾਲ ਵੱਲੋਂ ਮਰੀਜ਼ ਬਣਾ ਕੇ ਨਿਸ਼ਾ ਪਤਨੀ ਰਕੇਸ਼ ਕੁਮਾਰ ਫਤਿਆਬਾਦ ਨੂੰ ਦਲਾਲਾਂ ਰਾਹੀਂ ਲਿੰਗ ਦੀ ਜਾਂਚ ਕਰਵਾਉਣ ਲਈ ਭੇਜਿਆ ਗਿਆ ਸੀ। ਇਸ ਔਰਤ ਦੀ ਜਾਂਚ ਡਾ. ਮੁਲਤਾਨੀ ਅਤੇ ਟੀਮ ਵੱਲੋਂ ਕੀਤੀ ਗਈ। ਇਸ ਸਬੰਧੀ ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਨੇ ਦੱਸਿਆ ਫੜੇ ਗਏ ਵਿਅਕਤੀਆਂ ਵਿਚ ਕੁਲਵੰਤ ਕੌਰ ਉਰਫ ਕਾਂਤਾ ਦੇਵੀ ਜੰਮੂ ਬਸਤੀ ਜਲਾਲਾਬਾਦ ਆਸ਼ਾ ਰਾਣੀ ਵਾਸੀ ਅੰਮ੍ਰਿਤ ਪੁਰਾ ਥਾਣਾ ਤਲਵੰਡੀ ਚੌਧਰੀਆਂ, ਸੁਖਵਿੰਦਰ ਕੌਰ ਵਾਸੀ ਗ੍ਰੇਟਰ ਕੈਲਾਸ਼ ਕਪੂਰਥਲਾ ਫ਼ਤਹਿ ਸਲੀਮ ਮਸੀਹ ਉਰਫ਼ ਸੰਨੀ ਵਾਸੀ ਨੰਦਨਪੁਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੈਂਤੀ ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ।