ਪੱਤਰ ਪ੍ਰੇਰਕ
ਪਠਾਨਕੋਟ, 25 ਅਗਸਤ
ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਯੂਪੀ ਤੋਂ ਨਾਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਗਰੋਹ ਨੂੰ ਨਕਾਬ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਵ ਸੈਨਾ ਦੇ ਆਗੂ ਨੂੰ ਦੇਸੀ ਕੱਟੇ ਦੀ ਖਰੀਦੋ-ਫਰੋਖਤ ਕਰਨ ’ਤੇ ਗ੍ਰਿਫਤਾਰ ਕੀਤਾ ਹੈ। ਇਸ ਤਰ੍ਹਾਂ ਪੁਲੀਸ ਨੇ ਦੇਸੀ ਕੱਟਾ ਅਤੇ 4 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਸ਼ਿਵ ਸੈਨਾ ਆਗੂ ਸਮੇਤ ਕੁੱਲ 4 ਵਿਅਕਤੀਆਂ ਉੱਪਰ 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਏਐੱਸਆਈ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪੁਲੀਸ ਮੁਲਾਜ਼ਮਾਂ ਸਮੇਤ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਭਗਵਾਨਦੀਨ ਅਤੇ ਰਿੰਕੂ ਨਾਜਾਇਜ਼ ਦੇਸੀ ਕੱਟੇ ਉਤਰ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ਵਿੱਚ ਵੇਚਦੇ ਹਨ। ਦੋਵੇਂ ਜਣੇ ਮਾਡਲ ਟਾਊਨ ਨਿਵਾਸੀ ਵਿਅਕਤੀ ਨਾਲ ਟਰੱਕ ਯੂਨੀਅਨ ਦੇ ਕੋਲ ਇੱਕ ਕਮਰੇ ਵਿੱਚ ਰਿੰਕੂ ਕਿਰਾਏਦਾਰ ਦੀ ਰਿਹਾਇਸ਼ ਵਿੱਚ ਦੇਸੀ ਕੱਟੇ ਦਾ ਸੌਦਾ ਕਰ ਰਹੇ ਹਨ। ਸੂਚਨਾ ਠੋਸ ਹੋਣ ’ਤੇ ਉਨ੍ਹਾਂ ਉਕਤ ਜਗ੍ਹਾ ’ਤੇ ਛਾਪਾ ਮਾਰਿਆ ਤਾਂ ਉੱਥੇ ਬੈਂਕ ਕਲੋਨੀ ਵਾਸੀ ਚੰਦਰ ਪ੍ਰਕਾਸ਼ ਕੋਲੋਂ ਦੇਸੀ ਕੱਟਾ ਬਰਾਮਦ ਹੋਇਆ। ਰਿੰਕੂ ਕੋਲੋਂ 2 ਕਾਰਤੂਸ ਅਤੇ ਭਗਵਾਨਦੀਨ ਕੋਲੋਂ 2 ਕਾਰਤੂਸ ਬਰਾਮਦ ਹੋਏ। ਇਨ੍ਹਾਂ ਨੂੰ ਦੇਸੀ ਕੱਟੇ ਤੇ ਕਾਰਤੂਸ ਰੱਖਣ ਬਾਰੇ ਲਾਈਸੈਂਸ ਦਿਖਾਉਣ ਲਈ ਕਿਹਾ ਤਾਂ ਇਹ ਕੋਈ ਕਾਗਜ਼ਾਤ ਪੇਸ਼ ਨਾ ਕਰ ਸਕੇ। ਇਸ ’ਤੇ ਇਨ੍ਹਾਂ ਤਿੰਨਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਅੰਗੂਰਾਂ ਵਾਲਾ ਬਾਗ ਵਾਸੀ ਸ਼ਕਤੀ ਨਗਰ ਦੇ ਸਤੀਸ਼ ਮਹਾਜਨ ਨੂੰ ਵੀ ਨਾਮਜ਼ਦ ਕੀਤਾ ਗਿਆ।