ਪੱਤਰ ਪ੍ਰੇਰਕ
ਦੀਨਾਨਗਰ, 26 ਦਸੰਬਰ
ਦੀਨਾਨਗਰ ਦੇ ਬੱਸ ਸਟੈਂਡ ਦੀ ਖ਼ਸਤਾ ਹਾਲਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਸਿਆਸਤ ’ਤੇ ਵਿਰਾਮ ਲਾਉਂਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਅੱਜ ਬੱਸ ਅੱਡੇ ਦੀ ਕਾਇਆ ਕਲਪ ਕਰਨ ਲਈ ਨੀਂਹ ਪੱਥਰ ਰੱਖਿਆ। ਹੁਣ ਇੱਥੇ 2.80 ਕਰੋੜ ਰੁਪਏ ਨਾਲ ਨਵਾਂ ਬੱਸ ਅੱਡਾ ਉਸਾਰਿਆ ਜਾਵੇਗਾ, ਜਿਸ ਨੂੰ ਅਗਲੇ 6 ਮਹੀਨਿਆਂ ’ਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਅਰੁਣਾ ਚੌਧਰੀ ਨੇ ਕਿਹਾ ਕਿ ਨਵਾਂ ਬੱਸ ਅੱਡਾ ਸ਼ਹਿਰ ਵਾਸੀਆਂ ਦੀ ਅਹਿਮ ਮੰਗ ਅਤੇ ਜ਼ਰੂਰਤ ਸੀ, ਜਿਸ ਨੂੰ ਧਿਆਨ ’ਚ ਰੱਖਦਿਆਂ ਇਹ ਪ੍ਰਾਜੈਕਟ ਮਨਜ਼ੂਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਸ ਅੱਡੇ ਦੇ ਦੁਕਾਨਦਾਰ ਇੱਥੇ ਨਵੀਆਂ ਦੁਕਾਨਾਂ ਬਣਾਉਣ ਸਬੰਧੀ ਉਨ੍ਹਾਂ ਵੱਲੋਂ ਦਿੱਤੀ ਪ੍ਰਪੋਜ਼ਲ ’ਤੇ ਸਹਿਮਤੀ ਪ੍ਰਗਟਾ ਦਿੰਦੇ ਤਾਂ ਇਹ ਮੰਗ ਪਹਿਲਾਂ ਹੀ ਪੂਰੀ ਹੋ ਜਾਣੀ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਛੇ ਮਹੀਨਿਆਂ ’ਚ ਪੂਰਾ ਹੋਵੇਗਾ। ਉਨ੍ਹਾਂ ਬੱਸ ਸਟੈਂਡ ਦੀ ਖ਼ਸਤਾ ਹਾਲਤ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਬੇਤੁਕੇ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਸ਼ਹਿਰ ਦੀਆਂ ਇੱਕਾ ਦੁੱਕਾ ਖ਼ਸਤਾ ਹਾਲਤ ਥਾਵਾਂ ਦੀ ਵੀਡੀਓ ਬਣਾਉਣ ਦੇ ਨਾਲ-ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਉਨ੍ਹਾਂ ਵੱਲੋਂ ਮੁਕੰਮਲ ਕਰਵਾਏ ਵਿਕਾਸ ਕੰਮਾਂ ਨੂੰ ਵੀ ਦਿਖਾਉਣਾ ਚਾਹੀਦਾ ਹੈ ਤਾਂ ਜੋ ਅਸਲੀਅਤ ਜਨਤਾ ਦੇ ਸਾਹਮਣੇ ਆਵੇ।
ਇਸ ਮੌਕੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਵਿਰੋਧੀਆਂ ਦੇ ਹਮਲਿਆਂ ਦਾ ਤਿੱਖਾ ਜਵਾਬ ਦਿੰਦਿਆਂ ਬਸਪਾ-ਅਕਾਲੀ ਦਲ ਉਮੀਦਵਾਰ ਕਮਲਜੀਤ ਚਾਵਲਾ ਨੂੰ ਫ਼ਰਜ਼ੀ ਚਾਵਲਾ ਦੱਸਿਆ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਵੱਲੋਂ ਆਪਣੇ ਨਾਂ ਦੇ ਪਿੱਛੇ ਨਕਲੀ ਸ਼ਬਦ ਵਰਤ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਟਿਕਟ ਦੇ ਲਾਲਚ ਵਿੱਚ ਪਿਛਲੇ 6 ਮਹੀਨਿਆਂ ’ਚ ਚਾਰ ਪਾਰਟੀਆਂ ਬਦਲਣ ਵਾਲਾ ਇਹ ਵਿਅਕਤੀ ਹਲਕੇ ਦੀ ਜਨਤਾ ਦਾ ਕੁਝ ਨਹੀਂ ਸਵਾਰ ਸਕਦਾ। ਅਸ਼ੋਕ ਚੌਧਰੀ ਨੇ ‘ਆਪ’ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਫ਼ਸਲੀ ਬਟੇਰਾ ਕਰਾਰ ਦਿੱਤਾ।