ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 10 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਬਖਤਪੁਰ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਖਤਪੁਰ ਇਕਾਈ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਅੰਦਰ ਕਿਸਾਨਾਂ ਨੂੰ ਇਕਜੁੱਟ ਕਰਨਾ ਉਨ੍ਹਾਂ ਦਾ ਉਦੇਸ਼ ਹੈ। ਇਸੇ ਲੜੀ ਤਹਿਤ ਅੱਜ ਉਨ੍ਹਾਂ ਹਲਕੇ ਦੇ ਪਿੰਡ ਬਖਤਪੁਰ ਵਿੱਚ ਜਥੇਬੰਦੀ ਦੀ ਇਕਾਈ ਦਾ ਗਠਨ ਕੀਤਾ ਹੈ। ਇਸ ਮੌਕੇ ਆਗੂਆਂ ਨੇ ਕਿਸਾਨੀ ਮੁੱਦਿਆਂ ’ਤੇ ਗੰਭੀਰ ਵਿਚਾਰਾਂ ਕੀਤੀਆਂ। ਨਵੀਂ ਸਥਾਪਿਤ ਕੀਤੀ ਗਈ ਇਕਾਈ ਵਿੱਚ ਕੇਵਲ ਸਿੰਘ ਨੂੰ ਪ੍ਰਧਾਨ, ਕੁਲਦੀਪ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਇੰਦਰ ਸਿੰਘ ਉਪ ਪ੍ਰਧਾਨ, ਬਲਜੀਤ ਸਿੰਘ ਸਰਪ੍ਰਸਤ, ਖ਼ਜ਼ਾਨਚੀ ਦਿਲਬਾਗ ਸਿੰਘ ਬਾਬਾ, ਹਰਵੰਤ ਸਿੰਘ ਸਕੱਤਰ, ਕਰਨੈਲ ਸਿੰਘ, ਬਲਵਿੰਦਰ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਚੁਣੀ ਗਈ ਕਮੇਟੀ ਨੇ ਆਪਸੀ ਤਾਲਮੇਲ ਨਾਲ ਕੰਮ ਕਰਨ ਦਾ ਅਹਿਦ ਲਿਆ। ਸਟੇਜ ਸਕੱਤਰ ਦੇ ਫ਼ਰਜ਼ ਮੇਜਰ ਸਿੰਘ ਰੋੜਾਂਵਾਲੀ ਨੇ ਨਿਭਾਏ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਲਸੀਆਂ ਇਕਾਈ ਕਾਇਮ
ਸ਼ਾਹਕੋਟ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਮਲਸੀਆਂ ਦੀ ਪੱਤੀ ਅਕਲਪੁਰ ਵਿਚ ਆਪਣੀ ਨਵੀਂ ਇਕਾਈ ਦਾ ਗਠਨ ਕੀਤਾ ਹੈ, ਜਿਸ ਵਿੱਚ ਸਹਿਜਪਾਲ ਸਿੰਘ ਨੂੰ ਪ੍ਰਧਾਨ, ਗੁਰਚਰਨ ਸਿੰਘ ਨੂੰ ਸਕੱਤਰ ਅਤੇ ਮਨਦੀਪ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਸਬੰਧੀ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਜਰਨੈਲ ਸਿੰਘ ਰਾਮੇ, ਵਿੱਤ ਸਕੱਤਰ ਜਗਦੀਸ਼ਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਧਾਰਨ ਕੀਤੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਟਾਕਰਾ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਤੇ ਸੰਘਰਸ਼ਾਂ ਨਾਲ ਹੀ ਕੀਤਾ ਜਾ ਸਕਦਾ ਹੈ।