ਐੱਨਪੀ ਧਵਨ
ਪਠਾਨਕੋਟ, 31 ਜੁਲਾਈ
ਇੱਥੇ ਅੱਜ ਸਵੇਰੇ ਹੋਈ ਮੋਹਲੇਧਾਰ ਬਾਰਸ਼ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਪੈਂਦੇ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਉਛਾਲ ਆ ਗਿਆ। ਪਠਾਨਕੋਟ ਸ਼ਹਿਰ ਵੀ ਜਲਥਲ ਹੋ ਗਿਆ। ਸਰਹੱਦੀ ਖੇਤਰ ਬਮਿਆਲ ਦੇ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਕਰੀਬ ਡੇਢ ਲੱਖ ਕਿਊਸਿਕ ਆ ਜਾਣ ਨਾਲ ਦਰਿਆ ਕੰਢੇ ਬੈਠੇ ਕਰੀਬ ਦਰਜਨ ਭਰ ਗੁੱਜਰਾਂ ਦੇ ਡੇਰੇ ਪਾਣੀ ਦੀ ਲਪੇਟ ਵਿੱਚ ਆ ਗਏ। ਦਰਿਆ ਦੇ ਨਜ਼ਦੀਕ ਪਿੰਡ ਸਮਰਾਲਾ ਵਿੱਚ 2 ਗੁੱਜਰ ਵੀ ਪਾਣੀ ਦੇ ਵਹਾਅ ਵਿੱਚ ਫਸ ਗਏ ਸਨ ਅਤੇ ਉਹ ਦੋਹੇਂ ਇੱਕ ਉਚਾਈ ਵਾਲੀ ਜਗ੍ਹਾ ’ਤੇ ਸੁਰੱਖਿਅਤ ਪਹੁੰਚ ਗਏ। ਇਨ੍ਹਾਂ ਨੂੰ ਬਾਅਦ ਦੁਪਹਿਰ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਹੋਣ ’ਤੇ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਡੀਆਰਓ, ਤਹਿਸੀਲਦਾਰ ਲਛਮਣ ਸਿੰਘ, ਡਰੇਨੇਜ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਬਮਿਆਲ ਪੁੱਜੇ ਅਤੇ ਉਨ੍ਹਾਂ ਦਰਿਆ ਕਿਨਾਰੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਸਲਾਹ ਦਿੱਤੀ। ਦਰਿਆ ਵਿੱਚ ਪਾਣੀ ਦੇ ਉਛਾਲ ਕਾਰਨ ਉੱਥੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ। ਗੁੱਜਰਾਂ ਦੇ ਡੇਰੇ ਪਾਣੀ ਵਿੱਚ ਘਿਰ ਜਾਣ ਨਾਲ ਗੁੱਜਰ ਪਰਿਵਾਰ ਸਵੇਰੇ ਖਾਣਾ ਨਾ ਬਣਾ ਸਕੇ ਅਤੇ ਉਹ ਆਪਣਾ ਸਾਮਾਨ ਬੰਨ੍ਹ ਕੇ ਉੱਚੇ ਸਥਾਨਾਂ ’ਤੇ ਬੈਠੇ ਰਹੇ। ਸਰਹੱਦੀ ਖੇਤਰ ਤਾਰਾਗੜ੍ਹ ਦਾ ਗੱਜੂ ਜਗੀਰ ਪਿੰਡ ਵੀ ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਘਿਰ ਗਿਆ ਤੇ ਉਥੇ ਗੁੱਜਰਾਂ ਦੇ ਡੇਰੇ ਪਾਣੀ ਵਿੱਚ ਡੁੱਬ ਗਏ। ਇਸ ਦੇ ਇਲਾਵਾ ਭਾਰੀ ਬਾਰਸ਼ ਹੋਣ ਨਾਲ ਪਿੰਡ ਕੋਠੇ ਮਨਵਾਲ ਦੇ ਮੁਹੱਲਾ ਘੱਟ ਗਿਣਤੀ ਗੁੱਜਰਾਂ ਦੇ ਡੇਰਿਆਂ ਅਤੇ ਪਿੰਡ ਚੱਕ ਮਾਧੋ ਸਿੰਘ ਦੇ ਮੁਹੱਲਾ ਚੁੰਬਰ ਖੱਡ ਵਿੱਚ ਖੱਡ ਦਾ ਪਾਣੀ ਆ ਗਿਆ ਜਿਸ ਨਾਲ ਦੋਹਾਂ ਮੁਹੱਲੇ ਟਾਪੂ ਬਣ ਗਏ ਅਤੇ 4 ਘੰਟੇ ਤੱਕ ਪਠਾਨਕੋਟ ਨਾਲੋਂ ਕੱਟੇ ਰਹੇ। ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਭੂਮੀ ਕਟਾਅ ਤੇਜ਼ ਹੋ ਗਿਆ। ਇਸ ਨਾਲ ਸੈਲੀ ਕੁੱਲੀਆਂ ਤੇ ਬੱਜਰੀ ਕੰਪਨੀ ਕੋਲ ਰਹਿੰਦੀ ਆਬਾਦੀ ਨੂੰ ਕਾਫੀ ਖਤਰਾ ਖੜ੍ਹਾ ਹੋ ਗਿਆ। ਆਮ ਆਦਮੀ ਪਾਰਟੀ ਦੇ ਆਗੂ ਵਿਭੂਤੀ ਸ਼ਰਮਾ, ਐੱਸਡੀਐੱਮ ਕਾਲਾ ਕਾਂਸਲ, ਕਾਨੂੰਗੋ ਜੋਗਿੰਦਰ ਸਿੰਘ, ਨਾਇਬ ਤਹਿਸੀਲਦਾਰ ਜਸਪਾਲ, ਪਟਵਾਰੀ ਅਕਸ਼ਦੀਪ ਅਤੇ ਮਾਮੂਨ ਦੇ ਥਾਣਾ ਮੁਖੀ ਮੋਹਿਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪਠਾਨਕੋਟ ਸ਼ਹਿਰ ਦੇ ਸਵਿਮਿੰਗ ਪੂਲ ਕੋਲ, ਬਾਉਲੀਆਂ ਕੋਲ, ਸਿਵਲ ਹਸਪਤਾਲ, ਕਾਲੀ ਮਾਤਾ ਮੰਦਰ ਰੋਡ, ਸ਼ਹੀਦ ਭਗਤ ਸਿੰਘ ਚੌਕ ਵਿੱਚ ਤਾਂ ਬਰਸਾਤ ਦਾ ਪਾਣੀ ਦਰਿਆ ਦੀ ਤਰ੍ਹਾਂ ਵਗ ਰਿਹਾ ਸੀ।
ਸਰਹੱਦੀ ਕਸਬੇ ਬਮਿਆਲ ਕੋਲ ਉਝ ਦਰਿਆ ਵਿੱਚ ਆ ਰਹੇ ਹੜ੍ਹ ਦੇ ਪਾਣੀ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਜਾਰੀ ਕਰ ਦਿੱਤੀ ਗਈ ਸੀ। ਇਸ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਦਰਿਆ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾ ਦਿੱਤਾ ਗਿਆ। ਜੰਮੂ-ਕਸ਼ਮੀਰ ਵਾਲੇ ਪਾਸੇ ਤੋਂ ਪਹਿਲਾਂ ਸਵੇਰੇ 7 ਵਜੇ ਉਝ ਦਰਿਆ ਵਿੱਚ 60 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ, ਕਰੀਬ 1 ਘੰਟੇ ਬਾਅਦ ਲੱਗਭੱਗ 1 ਲੱਖ ਕਿਉਸਿਕ ਪਾਣੀ ਫਿਰ ਦਰਿਆ ਵਿੱਚ ਛੱਡੇ ਜਾਣ ਨਾਲ ਦਰਿਆ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਇਹ ਪਾਣੀ 12:30 ਵਜੇ ਤੱਕ ਵਧਦਾ ਰਿਹਾ ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਇਕ ਵਜੇ ਪਾਣੀ ਘਟਣਾ ਸ਼ੁਰੂ ਹੋ ਗਿਆ ਤਾਂ ਮੌਜੂਦ ਤਹਿਸੀਲਦਾਰ ਲਛਮਣ ਸਿੰਘ ਨੇ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਪਾਣੀ ਦਾ ਵਹਾਅ ਘੱਟ ਹੋਣਾ ਸ਼ੁਰੂ ਹੋ ਗਿਆ ਹੈ।