ਤਰਨ ਤਾਰਨ (ਗੁਰਬਖਸ਼ਪੁਰੀ) ਇਲਾਕੇ ਵਿੱਚ ਤਿੰਨ ਵੱਖ ਵੱਖ ਹਾਦਸਿਆਂ ਬਾਰੇ ਸਬੰਧਿਤ ਥਾਣੇ ਦੀ ਪੁਲੀਸ ਨੇ ਬੀਤੀ ਸ਼ਾਮ ਕਾਰਵਾਈ ਕੀਤੀ ਹੈ| ਇਨ੍ਹਾਂ ਮਾਮਲਿਆਂ ਵਿੱਚ ਕਰੀਬ ਦੋ ਸਾਲ ਪਹਿਲਾਂ ਹਾਦਸੇ ਵਿੱਚ ਜ਼ਖ਼ਮੀ ਹੋਏ ਅਮਰ ਸਿੰਘ ਵਾਸੀ ਉਸਮਾ ਦਾ ਮਾਮਲਾ ਵੀ ਸ਼ਾਮਲ ਹੈ। ਜ਼ਖ਼ਮੀ ਕਰਨ ਵਾਲੇ ਦੀ ਸ਼ਨਾਖਤ ਨਰਿੰਦਰ ਕੁਮਾਰ ਵਾਸੀ ਕੋਟਕਪੂਰਾ ਦੇ ਤੌਰ ’ਤੇ ਕੀਤੀ ਗਈ ਹੈ| ਅਮਰ ਸਿੰਘ ਨੌਸ਼ਹਿਰਾ ਪੰਨੂਆਂ ਤੋਂ ਆਪਣੇ ਰੇਹੜੇ ’ਤੇ ਸੀਮੈਂਟ ਦੀਆਂ ਚਾਦਰਾਂ ਲੱਦ ਕੇ ਆਪਣੇ ਪਿੰਡ ਨੂੰ ਲੈ ਕੇ ਜਾ ਰਿਹਾ ਸੀ| ਰਾਹ ਵਿੱਚ ਉਸ ਨੂੰ ਨਰਿੰਦਰ ਕੁਮਾਰ ਨੇ ਆਪਣੇ ਮਿਨੀ ਟਰੱਕ ਦੀ ਫੇਟ ਮਾਰ ਦਿੱਤੀ| ਅਮਰ ਸਿੰਘ ਦੀ ਇਕ ਲੱਤ ਟੁੱਟ ਗਈ ਅਤੇ ਸ਼ਰੀਰ ’ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ| ਅਮਰ ਸਿੰਘ ਦੇ ਰੇਹੜੇ ਦਾ ਵੀ ਨੁਕਸਾਨ ਹੋ ਗਿਆ ਹੈ| ਅਮਰ ਸਿੰਘ ਅਜੇ ਤੱਕ ਵੀ ਠੀਕ ਨਹੀਂ ਹੋ ਸਕਿਆ। ਇਕ ਹੋਰ ਮਾਮਲੇ ਵਿੱਚ ਦੀਵਾਲੀ ਵਾਲੇ ਦਿਨ 24 ਅਕਤੂਬਰ ਨੂੰ ਤਰਨ ਤਾਰਨ ਦੀ ਬਾਠ ਰੋਡ ਦਾ ਵਾਸੀ ਹਰਦੀਪ ਸਿੰਘ ਆਪਣੇ ਦੋ ਬੱਚਿਆਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰ ਨੂੰ ਆਤਿਸ਼ਬਾਜ਼ੀ ਖਰੀਦਣ ਲਈ ਜਾ ਰਿਹਾ ਸੀ। ਉਹ ਸ਼ਹਿਰ ਦੀ ਮੁੱਖ ਸੜਕ ’ਤੇ ਜਾ ਰਿਹਾ ਸੀ ਕਿ ਉਸ ਨੂੰ ਪਿੱਛੋਂ ਇਕ ਅਣਪਛਾਤੀ ਕਾਰ ਨੇ ਫੇਟ ਮਾਰ ਦਿੱਤੀ| ਇਸ ਵਿੱਚ ਹਰਦੀਪ ਸਿੰਘ ਤੇ ਉਸ ਦੇ ਬੱਚੇ ਜ਼ਖ਼ਮੀ ਹੋ ਗਏ| ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਾਇਆ ਗਿਆ ਜਿਥੇ ਬੱਚਿਆਂ ਨੂੰ ਤਾਂ ਛੁੱਟੀ ਮਿਲ ਗਈ ਪਰ ਹਰਦੀਪ ਸਿੰਘ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ| ਕਾਰ ਚਾਲਕ ਦੀ ਪਛਾਣ ਨਹੀਂ ਕੀਤੀ ਜਾ ਸਕੀ| ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਇਕ ਹੋਰ ਸੜਕ ਹਾਦਸੇ ਵਿੱਚ ਕੋਟ ਬੁੱਢਾ ਦਾ ਵਾਸੀ ਰਾਮ ਸਿੰਘ ਬੱਲੂ ਉਸ ਵੇਲੇ ਗੰਭੀਰ ਜ਼ਖ਼ਮੀ ਹੀ ਗਿਆ ਜਦੋਂ ਉਹ 19 ਅਕਤੂਬਰ ਨੂੰ ਝੋਨਾ ਕਟਾਉਣ ਲਈ ਕੰਬਾਈਨ ਦਾ ਪਤਾ ਕਰਨ ਲਈ ਆਪਣੇ ਪਿੰਡ ਵਿੱਚ ਪੈਦਲ ਜਾ ਰਿਹਾ ਸੀ| ਉਸ ਨੂੰ ਇਕ ਟਰੱਕ-ਟਰਾਲਾ ਨੇ ਸਾਹਮਣੇ ਤੋਂ ਆਪਣੀ ਚਪੇਟ ਵਿੱਚ ਲੈ ਲਿਆ| ਉਸ ਨੂੰ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਾਇਆ ਗਿਆ। ਟਰੱਕ-ਟਰਾਲਾ ਦੇ ਡਰਾਈਵਰ ਦੀ ਸ਼ਨਾਖਤ ਜਸਵੰਤ ਸਿੰਘ ਵਾਸੀ ਅਜੀਤ ਵਾਲਾ (ਮੋਗਾ) ਦੇ ਤੌਰ ’ਤੇ ਕੀਤੀ ਗਈ ਹੈ। ਸਦਰ ਥਾਣਾ ਪੱਟੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਚੱਲ ਰਹੇ ਹਨ।