ਪੱਤਰ ਪ੍ਰੇਰਕ
ਤਰਨ ਤਾਰਨ/ਭਿਖੀਵਿੰਡ, 3 ਜੁਲਾਈ
ਖੇਮਕਰਨ ਪੁਲੀਸ ਨੇ ਸ਼ਨਿਚਰਵਾਰ ਨੂੰ ਇਕ ਪੰਜ-ਮੈਂਬਰੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ| ਗਰੋਹ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਆਦਿ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਲੁਟੇਰੇ ਨਾਬਾਲਗ ਹਨ| ਗਰੋਹ ਦੇ ਪੰਜੇ ਮੈਂਬਰ ਸਰਹੱਦੀ ਖੇਤਰ ਦੇ ਪਿੰਡ ਮਹਿੰਦੀਪੁਰ ਦੇ ਵਾਸੀ ਹਨ| ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਥਾਣਾ ਖੇਮਕਰਨ ਦੇ ਐਸਐਚਓ ਇੰਸਪੈਕਟਰ ਕੰਵਲਜੀਤ ਰਾਏ ਨੂੰ ਲੁਟੇਰਿਆਂ ਵਲੋਂ ਮਹਿੰਦੀਪੁਰ ਦੀ ਡਰੇਨ ਦੇ ਨੇੜੇ ਝਾੜੀਆਂ ਉਹਲੇ ਵਾਰਦਾਤ ਕਰਨ ਲਈ ਸਲਾਹ ਕਰਦੇ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ| ਇਸ ’ਤੇ ਉਨ੍ਹਾਂ ਪੁਲੀਸ ਪਾਰਟੀ ਨੂੰ ਲੈ ਕੇ ਮੌਕੇ ’ਤੇ ਜਾ ਕੇ ਛਾਪਾ ਮਾਰਿਆਂ ਤੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ| ਗਿ੍ਫਤਾਰ ਕੀਤੇ ਗਏ ਲੁਟੇਰਿਆਂ ਦੀ ਸ਼ਨਾਖਤ ਦੋ ਨਾਬਾਲਗਾਂ ਸਮੇਤ ਅਵਤਾਰ ਸਿੰਘ, ਦਿਲਵਰ ਤੇ ਰੋਬਿਨ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਸੁਖਵਿੰਦਰ ਸਿੰਘ ਫਰਾਰ ਹੋ ਗਿਆ| ਪੁਲੀਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਇਕ ਦੋਨਾਲੀ ਰਾਇਫ਼ਲ, 11 ਕਾਰਤੂਸ, ਇਕ ਦਾਤਰ ਅਤੇ ਇਕ ਕਿਰਪਾਨ ਬਰਾਮਦ ਕੀਤੀ ਹੈ| ਇਸ ਸਬੰਧੀ ਧਾਰਾ 399, 402 ਫੌਜਦਾਰੀ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਫਰਾਰ ਹੋਏ ਸੁਖਵਿੰਦਰ ਸਿੰਘ ਨੂੰ ਕਾਬੂ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।