ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 9 ਜੁਲਾਈ
ਇੱਥੋਂ ਦੇ ਸਨਅਤੀ ਕੰਪਲੈਕਸ ਵਿੱਚ ਸਥਿਤ ਧਾਗਾ ਮਿੱਲ ਨੂੰ ਅਚਾਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਵਿੱਚ ਮਿੱਲ ਮਾਲਕ ਦਾ ਲੱਖਾਂ ਰੁਪਏ ਦਾ ਕੱਚਾ ਅਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨ ਅਤੇ ਸੜੇ ਹੋਏ ਮਾਲ ਦੇ ਸਹੀ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ’ਤੇ ਕਾਬੂ ਪਾਉਣ ਲਈ ਤਿੰਨ ਜ਼ਿਲ੍ਹਿਆ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਗੱਡੀਆਂ ਨੇ ਪੰਜ ਘੰਟਿਆਂ ਦੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ।
ਪਲਾਟ ਨੰਬਰ 47 ਦੀ ਧਾਗਾ ਮਿੱਲ ਨੂੰ ਲੱਗੀ ਅੱਗ ਦੀ ਖਬਰ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਫਾਇਰ ਬ੍ਰਿਗੇਡ ਟੀਮਾਂ ਦੀ ਮਦਦ ਕੀਤੀ। ਮੌਕੇ ’ਤੇ ਪਹੁੰਚੇ ਇੰਡਸਟਰੀ ਕੰਪਲੈਕਸ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਸੰਧੂ, ਰਣਜੀਤ ਸਿੰਘ ਭੁੱਲਰ ਤੇ ਕੁਲਦੀਪ ਸਿੰਘ ਔਲਖ ਨੇ ਮਿੱਲ ਮਾਲਕ ਸੁਰਿੰਦਰਪਾਲ ਸਿੰਘ ਸੈਣੀ ਤੋਂ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ।
ਮਿੱਲ ਮਾਲਕ ਸੁਰਿੰਦਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਲੱਖਾਂ ਰੁਪਏ ਦਾ ਕੱਚਾ ਤੇ ਤਿਆਰ ਮਾਲ ਸੜ ਕੇ ਸੁਆਹ ਹੋ ਗਿਆ ਹੈ।
ਸਥਾਨਕ ਜੀਵੀਕੇ ਥਰਮਲ ਪਲਾਂਟ ਦੇ ਡੀਜੀਐੱਮ ਕਮਲ ਮਹਿਤਾ ਅਤੇ ਏਜੀਐੱਮ ਅਸ਼ਦ ਗੁਫਰਾਨ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਛੇ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਿਆ ਹੈ।