ਐਨਪੀ ਧਵਨ
ਪਠਾਨਕੋਟ, 26 ਮਾਰਚ
ਇਥੋਂ ਦੀ ਸੈਲੀ ਰੋਡ ’ਤੇ ਟਾਇਰ ਡੀਲਰ ਦੇ ਗੋਦਾਮ ਵਿੱਚ ਬਾਅਦ ਦੁਪਹਿਰ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਮਾਲਕ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ। ਗੋਦਾਮ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਆਂਢੀ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਗੋਦਾਮ ਵਿੱਚ ਅੱਗ ਲੱਗ ਗਈ ਹੈ। ਉਹ ਫੋਰਨ ਗੋਦਾਮ ’ਤੇ ਪਹੁੰਚਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਅੱਗ ਲੱਗਣ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਨਾਲ ਲੱਗਦੇ ਦੁਕਾਨਦਾਰਾਂ ਨੇ ਗੋਦਾਮ ਵਿੱਚੋਂ ਧੂੰਆਂ ਨਿਕਲਦੇ ਹੋਏ ਦੇਖਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ ਪਰ ਇਸ ਦੇ ਬਾਵਜੂਦ ਸ਼ਾਮ ਤੱਕ ਗੋਦਾਮ ਵਿੱਚੋਂ ਰੁਕ-ਰੁਕ ਕੇ ਧੂੰਆਂ ਨਿਕਲਦਾ ਰਿਹਾ। ਇਸੇ ਦੌਰਾਨ ਜੇਸੀਬੀ ਦੀ ਮਦਦ ਵੀ ਲੈਣੀ ਪਈ ਜਿਸ ਨੇ ਪਹਿਲਾਂ ਹੇਠਲੀ ਮੰਜਿਲ ’ਤੇ ਸ਼ਟਰਾਂ ਨੂੰ ਤੋੜਿਆ। ਇਸ ਮਗਰੋਂ ਜਦੋਂ ਉਪਰਲੀ ਮੰਜ਼ਿਲ ਤੋਂ ਵੀ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਪਾਣੀ ਦੀਆਂ ਬੋਛਾੜਾਂ ਮਾਰੀਆਂ ਗਈਆਂ। ਇਸ ਦੇ ਬਾਵਜੂਦ ਜਦੋਂ ਅੱਗ ਨਾ ਬੁੱਝੀ ਤਾਂ ਜੇਸੀਬੀ ਨਾਲ ਉਪਰਲੀ ਮੰਜ਼ਿਲ ਦੀਆਂ ਦੀਵਾਰਾਂ ਨੂੰ ਤੋੜਿਆ ਗਿਆ ਤੇ ਅੱਗ ਉੱਤੇ ਕਾਬੂ ਪਾਇਆ ਗਿਆ।
ਜ਼ਿਲ੍ਹਾ ਫਾਇਰ ਸੇਫਟੀ ਅਫਸਰ ਨੱਥੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਦੁਪਹਿਰ ਵੇਲੇ ਫੋਨ ਆਇਆ ਤੇ ਅੱਗ ਬੁਝਾਉਣ ਲਈ ਤਿੰਨ ਗੱਡੀਆਂ ਭੇਜੀਆਂ ਗਈਆਂ। ਗੋਦਾਮ ਮਾਲਕ ਅਨੁਸਾਰ ਅੱਗ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਗਿਆ ਹੈ ਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ।
ਕਨਫ਼ੈਕਸ਼ਨਰੀ ਦਾ ਸਾਮਾਨ ਸੜਿਆ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇਥੋਂ ਦੇ ਖਾਨਪੁਰੀ ਗੇਟ ਇਲਾਕੇ ’ਚ ਅੱਜ ਕਨਫ਼ੈਕਸ਼ਨਰੀ ਦੇ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਗੁਆਂਢੀਆਂ ਨੇ ਧੂੰਆਂ ਨਿਕਲਦਾ ਦੇਖ ਕੇ ਗੋਦਾਮ ਦੇ ਮਾਲਕ ਨੂੰ ਸੂਚਿਤ ਕੀਤਾ। ਮਨੋਜ ਟਰੇਡਿੰਗ ਕੰਪਨੀ ਦਾ ਮਾਲਕ ਮਨੋਜ ਕੁਮਾਰ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਗਿਆ। ਉਨ੍ਹਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਿਸ ’ਤੇ ਫ਼ਾਇਰ ਬ੍ਰਿਗੇਡ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾਉਣ ’ਚ ਜੁਟ ਗਈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸਮੇਂ ਸਿਰ ਕਾਰਵਾਈ ਕਾਰਨ ਆਸਪਾਸ ਦੇ ਹੋਰ ਗੋਦਾਮਾਂ ਨੂੰ ਬਚਾਅ ਲਿਆ ਗਿਆ। ਮਨੋਜ ਕੁਮਾਰ ਮੁਤਾਬਿਕ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਸ ਨੇ ਦੱਸਿਆ ਕਿ ਗੋਦਾਮ ਅੰਦਰ ਬਿਜਲੀ ਦਾ ਕੋਈ ਕੁਨੈਕਸ਼ਨ ਨਹੀਂ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।