ਪੱਤਰ ਪ੍ਰੇਰਕ
ਤਰਨ ਤਾਰਨ, 4 ਜੁਲਾਈ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਥੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਇਥੋਂ ਦੇ ਬੱਸ ਅੱਡਾ ’ਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਰਥੀ ਸਾੜੀ ਗਈ। ਇਸ ਮੌਕੇ ਮੋਰਚਾ ਆਗੂ ਅਜਮੇਰ ਸਿੰਘ, ਪੂਰਨ ਦਾਸ ਤੇ ਅੰਗਰੇਜ਼ ਸਿੰਘ ਨੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੋਣਾਂ ਦੌਰਾਨ ਮੁਲਾਜ਼ਮਾਂ ਸਮੇਤ ਹੋਰਨਾਂ ਵਰਗਾਂ ਦੇ ਲੋਕਾਂ ਨਾਲ ਕੀਤੇ ਵਾਅਦੇ ਵਿਸਾਰ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਰਕਾਰ ਦੇ ਆਗੂਆਂ ਨੇ ਚੋਣਾਂ ਵੇਲੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦਾ ਯਕੀਨ ਦਿੱਤਾ ਸੀ ਜਿਸ ਨੂੰ ਅੱਜ ਤੱਕ ਵੀ ਪੂਰਿਆਂ ਨਹੀਂ ਕੀਤਾ ਜਾ ਸਕਿਆ| ਆਗੂਆਂ ਨੇ ਕਿਹਾ ਮੰਗ ਮੰਨੇ ਜਾਣਾ ਤਾਂ ਦੂਰ ਵਿੱਤ ਮੰਤਰੀ ਜਥੇਬੰਦੀਆਂ ਨਾਲ ਗੱਲ ਵੀ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਸੂਬੇ ਦੇ ਪੌਣੇ ਦੋ ਲੱਖ ਆਊਟ ਸੋਰਸ ’ਤੇ ਕੰਮ ਕਰਦੇ ਮੁਲਾਜ਼ਮਾਂ ਲਈ ਬਣਦੀ ਤਨਖਾਹ ਦੇਣ ਦੀ ਗੱਲ ਵੀ ਨਹੀਂ ਕੀਤੀ ਜਾ ਰਹੀ ਹੈ ਅਤੇ ਤਾਜ਼ਾ ਬਜਟ ਸੈਸ਼ਨ ਵਿੱਚ ਮੁਲਾਜ਼ਮ ਮੰਗਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਨਾਗੋਕੇ, ਗੁਰਨਾਮ ਸਿੰਘ, ਸਿਕੰਦਰ ਸਿੰਘ, ਗੁਰਲਾਲ ਸਿੰਘ ਨੇ ਵੀ ਸੰਬੋਧਨ ਕੀਤਾ। ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।