ਗੁਰਬਖਸ਼ਪੁਰੀ
ਤਰਨ ਤਾਰਨ, 12 ਮਈ
ਤਰਨ ਤਾਰਨ-ਪੱਟੀ ਸੜਕ ਦੇ ਸ਼ਹਾਬਪੁਰ-ਪਿੱਦੀ ਪਿੰਡਾਂ ਨੇੜੇ ਅੱਜ ਸਵੇਰੇ ਮੌਕੇ ਪੰਜਾਬ ਰੋਡਵੇਜ਼ ਪੱਟੀ ਡਿਪੂ ਦੀ ਬੱਸ ਉੱਤੇ ਡਾਂਗਾਂ ਸੋਟਿਆਂ ਨਾਲ ਲੈਸ ਪਿੰਡ ਸ਼ਹਾਬਪੁਰ ਦੇ ਕੁੱਝ ਵਸਨੀਕਾਂ ਵੱਲੋਂ ਕੀਤੇ ਹਮਲੇ ਕਰਕੇ ਬੱਸ ਵਿੱਚ ਸਫਰ ਕਰਦੀਆਂ ਸਵਾਰੀਆਂ ਵਿੱਚ ਅਫ਼ਰਾ-ਤਫ਼ਰੀ ਫੈਲ ਗਈ| ਹਮਲਾਵਰਾਂ ਵੱਲੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਕੀਤੀ ਮਾਰ-ਕੁੱਟ ਵਿਰੁੱਧ ਰੋਡਵੇਜ਼ ਦੇ ਮੁਲਜ਼ਮਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਕਰਕੇ ਪੱਟੀ ਤੋਂ ਚੰਡੀਗੜ੍ਹ ਜਾ ਰਹੀ ਇਸ ਬੱਸ ਦਾ ਟਾਈਮ ਵੀ ਮਿਸ ਹੋ ਗਿਆ, ਜਿਸ ਨਾਲ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਇਕੱਤਰ ਜਾਣਕਾਰੀ ਅਨੁਸਾਰ ਪੱਟੀ ਤੋਂ ਚੱਲੀ ਇਹ ਬੱਸ ਜਿਵੇਂ ਹੀ ਸ਼ਹਾਬਪੁਰ ਪਿੰਡ ਨੇੜੇ ਪੁੱਜੀ ਤਾਂ ਉਸ ’ਤੇ ਦੋ ਮੋਟਰਸਾਈਕਲਾਂ ਤੇ ਸਵਾਰ ਛੇ ਜਣਿਆਂ ਨੇ ਬੱਸ ਦੇ ਅੱਗੇ ਆ ਕੇ ਡਾਂਗਾਂ ਸੋਟਿਆਂ ਨਾਲ ਹਮਲਾ ਕਰ ਦਿੱਤਾ| ਡਰਾਈਵਰ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਰੋਕਣ ਲਈ ਅਚਾਨਕ ਬਰੇਕ ਲਗਾਉਣ ਨਾਲ ਬੱਸ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ| ਬੱਸ ਦਾ ਡਰਾਈਵਰ ਬੱਸ ਨੂੰ ਥੋੜ੍ਹਾ ਅੱਗੇ ਰਸੂਲਪੁਰ ਨਹਿਰਾਂ ਦੇ ਪੁਲੀਸ ਨਾਕੇ ਤੱਕ ਲੈ ਗਿਆ| ਇੱਥੇ ਹਮਲਾਵਰਾਂ ਨੇ ਡਰਾਈਵਰ ਅਤੇ ਕੰਡਕਟਰ ਦੀ ਮਾਰ ਕੁੱਟ ਕੀਤੀ| ਮਾਰ ਕੁੱਟ ਕਰਦਿਆਂ ਡਰਾਈਵਰ ਜਸਵਿੰਦਰਪਾਲ ਸਿੰਘ ਦੇ ਜਿਥੇ ਸੱਟਾਂ ਲੱਗੀਆਂ ਤਾਂ ਕੰਡਕਟਰ ਹਰਪਾਲ ਸਿੰਘ ਦਾ ਪੈਸਿਆਂ ਵਾਲਾ ਥੈਲਾ ਤੇ ਮੋਬਾਈਲ ਵੀ ਗੁੰਮ ਹੋ ਗਿਆ| ਘਟਨਾ ਦੀ ਸੂਚਨਾ ਮਿਲਦਿਆਂ ਹੀ ਰੋਡਵੇਜ਼ ਦੇ ਮੁਲਾਜ਼ਮਾਂ ਆਪਣੇ ਦੇ ਆਗੂ ਗੁਰਬਿੰਦਰ ਸਿੰਘ ਅਤੇ ਅਵਤਾਰ ਸਿੰਘ ਆਦਿ ਦੀ ਅਗਵਾਈ ਵਿੱਚ ਪਰਦਰਸ਼ਨ ਕੀਤਾ| ਮੁਲਾਜ਼ਮਾਂ ਦੇ ਪ੍ਰਦਰਸ਼ਨ ਕਰਕੇ ਆਵਾਜਾਈ ਠੱਪ ਹੋ ਗਈ| ਸਥਾਨਕ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਬਚਨ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪਰਦਰਸ਼ਨਕਾਰੀਆਂ ਨੂੰ ਹਮਲਾਵਰਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ਼ ਦਿੱਤਾ ਜਿਸ ਨਾਲ ਆਵਾਜਾਈ ਬਹਾਲ ਕੀਤੀ ਜਾ ਸਕੀ| ਇਸ ਸਬੰਧੀ ਪੁਲੀਸ ਨੇ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਸ਼ਹਾਬਪੁਰ ਦੇ ਵਾਸੀ ਹੈਪੀ, ਸੁਰਿੰਦਰ ਸਿੰਘ ਸ਼ਿੰਦਾ ਫੌਜੀ ਅਤੇ ਸੂਬਾ ਸਿੰਘ ਦੀ ਪਛਾਣ ਕੀਤੀ ਜਾ ਚੁੱਕੀ ਹੈ| ਮੁਲਜ਼ਮ ਫਰਾਰ ਚਲ ਰਹੇ ਹਨ| ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਆਪਣੇ ਪਿੰਡ ਸ਼ਹਾਬਪੁਰ ਦੇ ਅੱਡੇ ਉੱਤੇ ਬੱਸ ਖੜ੍ਹੀ ਨਾ ਕਰਨ ਤੋਂ ਖਫ਼ਾ ਸਨ|