ਪੱਤਰ ਪ੍ਰੇਰਕ
ਅਜਨਾਲਾ, 2 ਦਸੰਬਰ
ਵਿਆਹੁਤਾ ਵੱਲੋਂ ਆਪਣੇ ਸਹੁਰੇ, ਸੱਸ, ਜੇਠ, ਜਠਾਣੀ ਅਤੇ ਨਨਾਣ ਅਤੇ ਨਣਦੋਈਏ ਵਿਰੁਧ ਦਾਜ ਮੰਗਣ ਦੇ ਲਾਏ ਦੋਸ਼ਾਂ ਨੂੰ ਸਹੀ ਮੰਨਦਿਆਂ ਪੁਲੀਸ ਨੇ ਜਾਂਚ ਮਗਰੋਂ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 498 ਏ, 34 ਤਹਿਤ ਕੇਸ ਦਰਜ ਕੀਤਾ ਹੈ।
ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਪੀੜਤਾ ਮਨਜੀਤ ਕੌਰ ਪਤਨੀ ਸਵਰਗਵਾਸੀ ਰਾਜਵੀਰ ਸਿੰਘ ਵਾਸੀ ਕੋਟਲਾ ਕਾਜੀਆਂ ਤਹਿਸੀਲ ਅਜਨਾਲਾ ਨੇ ਐੱਸਐੱਸਪੀ ਅੰਮ੍ਰਿਤਸਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸ ਦਾ ਵਿਆਹ 2017 ਵਿੱਚ ਰਾਜਵੀਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਕੋਲ ਇਕ ਬੇਟਾ ਵੀ ਹੈ। 26 ਸਤੰਬਰ 2018 ਨੂੰ ਉਸ ਦੇ ਪਤੀ ਦੀ ਵਧੇਰੇ ਮਾਤਰਾ ਵਿੱਚ ਨਸ਼ਾ ਲੈਣ ਕਾਰਨ ਮੌਤ ਹੋ ਗਈ। ਪਤੀ ਦੀ ਮੌਤ ਮਗਰੋਂ ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਦਾਜ ਘੱਟ ਲਿਆਉਣ ਦੀ ਆੜ ਹੇਠ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸਹੁਰਾ ਪਰਿਵਾਰ ਵੱਲੋਂ ਕੁਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਹੁਣ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ।
ਜਾਂਚ ਤੇ ਡੀਏ ਲੀਗਲ ਦੀ ਸਲਾਹ ਮਗਰੋਂ ਐੱਸਐੱਸਪੀ ਨੇ ਪੀੜਤਾ ਦੇ ਸਹੁਰੇ ਸੁਖਦੇਵ ਸਿੰਘ, ਸੱਸ ਅਮਰੀਕ ਕੌਰ, ਜੇਠ ਪੁਸ਼ਪਿੰਦਰ ਸਿੰਘ, ਜੇਠਾਣੀ ਕੰਵਲਜੀਤ ਕੌਰ, ਨਨਾਣ ਹਰਵਿੰਦਰ ਕੌਰ ਤੇ ਨਣਦੋਈਏ ਅਮਨਦੀਪ ਸਿੰਘ ਵਾਸੀ ਈਡਬਲਯੂਐੱਸ 645 ਵੀਰ ਸਾਵਕਾਰ ਨਗਰ ਹੀਰਾਪੁਰ ਟਾਟੀਬੰਧ ਰਾਏਪੁਰ ਛੱਤੀਸਗੜ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਅਜਨਾਲਾ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।