ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਕਾਰ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 1 ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪ੍ਰਦੀਪ ਮਹਾਜਨ ਪੁੱਤਰ ਸੋਮ ਨਾਥ ਵਾਸੀ ਮੁਹੱਲਾ ਰਾਮਪੁਰਾ, ਪਠਾਨਕੋਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਆਪਣੀ ਸ਼ਿਕਾਇਤ ਵਿੱਚ ਪ੍ਰਦੀਪ ਮਹਾਜਨ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਪਠਾਨਕੋਟ ਵਿਖੇ ਫਲਾਂ ਦਾ ਕੰਮ ਕਰਦਾ ਹੈ। ਪਿਛਲੇ ਮਹੀਨੇ 26 ਜੂਨ ਨੂੰ ਉਸ ਨੇ ਆਪਣੀ ਮਾਰੂਤੀ ਸਵਿਫਟ ਕਾਰ ਰਾਤ ਡਲਹੌਜ਼ੀ ਰੋਡ ਪਠਾਨਕੋਟ ਨਜ਼ਦੀਕ ਚਾਵਲਾ ਚਿਕਨ ਕੋਲ ਖੜ੍ਹੀ ਕੀਤੀ ਸੀ ਅਤੇ ਜਦ 29 ਜੂਨ ਰਾਤ ਨੂੰ ਉਥੇ ਆ ਕੇ ਦੇਖਿਆ ਤਾਂ ਕਾਰ ਉਥੇ ਨਹੀਂ ਸੀ। ਥਾਣਾ ਡਵੀਜ਼ਨ ਨੰਬਰ 1 ਦੇ ਏਐਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਜਲਦੀ ਹੀ ਸਲਾਖਾਂ ਪਿੱਛੇ ਹੋਵੇਗਾ।