ਮੁਕੇਰੀਆਂ (ਜਗਜੀਤ ਸਿੰਘ): ਫੇਸਬੁੱਕ ’ਤੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਵਿਰੁੱਧ ਭੜਕਾਊ ਪੋਸਟ ਪਾਉਣ ਦੇ ਮਾਮਲੇ ਵਿੱਚ ਮੁਕੇਰੀਆਂ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉੱਧਰ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਨਰੋਤਮ ਸਾਬਾ ਨੇ ਨੌਜਵਾਨਾਂ ਦੀ ਕੁੱਟਮਾਰ ਦੇ ਮਾਮਲੇ ’ਚ ਯੂਥ ਵਿੰਗ ਦੇ ਸੂਬਾ ਪ੍ਰਧਾਨ ਬੈਨੀ ਮਿਨਹਾਸ ਦੀ ਸ਼ਮੂਲੀਅਤ ਨੂੰ ਸਾਜਿਸ਼ ਕਰਾਰ ਦਿੱਤਾ ਹੈ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਨੇ ਪੁਲੀਸ ਨੂੰ ਬਿਆਨ ਦਿੱਤੇ ਸਨ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਖ਼ਿਲਾਫ਼ ਫੇਸਬੁੱਕ ’ਤੇ ਅਪਮਾਨਜਨਕ ਤੇ ਭੜਕਾਊ ਪੋਸਟ ਪਾ ਕੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ ਆਈਟੀ ਐਕਟ-2000 ਤੇ ਆਈਪੀਸੀ ਦੀ ਧਾਰਾ 506 ਅਧੀਨ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਉੱਧਰ, ਕਰਨੀ ਸੈਨਾ ਦੇ ਸੂਬਾ ਪ੍ਰਧਾਨ ਨਰੋਤਮ ਸਿੰਘ ਸਾਬਾ ਨੇ ਕਿਹਾ ਕਿ ਸੈਨਾ ਦੇ ਯੂਥ ਵਿੰਗ ਦਾ ਪ੍ਰਧਾਨ ਬੈਨੀ ਮਿਨਹਾਸ ਸਾਜਿਸ਼ ਦਾ ਸ਼ਿਕਾਰ ਹੋਇਆ ਹੈੈ।