ਬੇਅੰਤ ਸਿੰਘ ਸੰਧੂ
ਪੱਟੀ, 7 ਸਤੰਬਰ
ਕੈਂਬਰਿਜ਼ ਸਕੂਲ ਪੱਟੀ ਵੱਲੋਂ ਵਿਦਿਆਰਥੀਆਂ ਪਾਸੋਂ ਵਸੂਲੀਆਂ ਜਾ ਰਹੀਆਂ ਫੀਸਾਂ ਦੇ ਮੁੱਦੇ ਨੂੰ ਲੈ ਕਿ ਅੱਜ ਵੱਡੀ ਤਾਦਾਦ ’ਚ ਵਿਦਿਆਰਥੀਆਂ ਦੇ ਮਾਪੇ ਇੱਕਠੇ ਹੋ ਕੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ। ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੇ ਮੈਂਬਰ ਮੌਜੂਦ ਨਾ ਹੋਣ ਕਰਕੇ ਮਾਪਿਆਂ ਵੱਲੋਂ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ, ਜੋ ਸਕੂਲ ਦੀ ਸ਼ਰਤਾਂ ਮੰਨਣ ਨੂੰ ਲੈ ਕਿ ਕਿਸੇ ਤਣ ਪੱਤਣ ਨਹੀਂ ਲੱਗ ਸਕੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਨੀਸ਼ ਕੁਮਾਰ ਮਨਪ੍ਰੀਤ ਸਿੰਘ ਗੁਰਬੀਰ ਸਿੰਘ ਨਿਸ਼ਾਨ ਸਿੰਘ ਜੋਰਾ ਸਿੰਘ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਸਕੂਲ ਨੂੰ 70 ਫੀਸਦੀ ਟਿਊਸ਼ਨ ਫੀਸ ਦੇਣ ਲਈ ਤਿਆਰ ਹਨ। ਪਰ ਸਕੂਲ ਪ੍ਰਬੰਧਕ 70 ਫੀਸਦੀ ਸਾਲਾਨਾ ਖਰਚੇ ਫੀਸ ਤੇ ਸੌ ਫੀਸਦੀ ਟਿਊਸ਼ਨ ਫੀਸ ਸਮੇਤ ਟਰਾਂਸਪੋਰਟ ਦਾ ਬਣਦਾ ਕਿਰਾਇਆ ਅਕਤੂਬਰ ਮਹੀਨੇ ਤੱਕ ਵਸੂਲਣ ਲਈ ਬਜ਼ਿੱਦ ਹਨ। ਇਸ ਦੌਰਾਨ ਮਾਪਿਆਂ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਵੱਲੋਂ ਸਕੂਲ ਦੀ ਫੀਸ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਆਨਲਾਈਨ ਪੜ੍ਹਾਈ ਲਈ ਬਣਾਏ ਗਰੁੱਪ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਾਰਣ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਮੈਡਮ ਮਨਰਾਜ ਕੌਰ ਨੇ ਕਿਹਾ ਕਿ ਸਕੂਲ ਨਿਯਮਾਂ ਮੁਤਾਬਕ ਵਿਦਿਆਰਥੀਆਂ ਪਾਸੋਂ ਸੌ ਫੀਸਦੀ ਟਿਊਸ਼ਨ ਫੀਸ ਅਤੇ 70 ਫੀਸਦੀ ਸਾਲਾਨਾ ਖਰਚੇ ਦੀ ਬਣਦੀ ਫੀਸ ਅਕਤੂਬਰ ਮਹੀਨੇ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਹੁਣ ਤੱਕ ਕੁਝ ਵੀ ਫੀਸ ਜਮ੍ਹਾਂ ਨਹੀਂ ਕਰਵਾਈ ਉਨ੍ਹਾਂ ਬੱਚਿਆਂ ਨੂੰ ਆਨਲਾਈਨ ਕਲਾਸਾਂ ਵਿੱਚੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਸਕੂਲ ਵੱਲੋਂ ਟਰਾਂਸਪੋਟਰਟ ਫੀਸ ਵਸੂਲਣ ਦੇ ਇਲਜ਼ਾਮ ਨੂੰ ਨਕਾਰ ਦਿੱਤਾ।
ਬੱਚਿਆਂ ਦੇ ਨਾਂ ਖਾਰਜ ਕਰਨ ਦੀਆਂ ਧਮਕੀਆਂ ਵਿਰੁੱਧ ਮਾਪਿਆਂ ਵਲੋਂ ਪ੍ਰਦਰਸ਼ਨ
ਤਰਨ ਤਾਰਨ (ਗੁਰਬਖ਼ਸ਼ਪੁਰੀ): ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਟੱਰਸਟ ਦੀ ਅਗਵਾਈ ਵਿੱਚ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਕੁਝ ਵਿਦਿਆਰਥੀਆਂ ਵੱਲੋਂ ਲਗਾਤਾਰ ਫੀਸਾਂ ਦੀ ਅਦਾਇਗੀ ਨਾ ਕਰਨ ਤੇ ਸਕੂਲ ਵਾਲਿਆਂ ਵੱਲੋਂ ਉਨ੍ਹਾਂ ਦੇ ਨਾਂ ਖਾਰਜ ਕਰਨ ਦੀਆਂ ਧਮਕੀਆਂ ਦੇਣ ਖਿਲਾਫ਼ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਸਾਹਮਣੇ ਰੋਸ ਵਿਖਾਵਾ ਕੀਤਾ| ਉੱਧਰ ਸਕੂਲ ਦੀ ਪ੍ਰਿੰਸੀਪਲ ਰਣਜੀਤ ਭਾਟੀਆ ਨੇ ਫੀਸਾਂ ਦੀ ਮੰਗ ਕਰਨ ਨੂੰ ਸਕੂਲ ਦੀ ਕਾਰਵਾਈ ਨੂੰ ਜਾਇਜ਼ ਆਖਦਿਆਂ ਕਿਹਾ ਕਿ ਆਖਰ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਤਨਖਾਹਾਂ ਦਾ ਭੁਗਤਾਨ ਬੱਚਿਆਂ ਦੀਆਂ ਫੀਸਾਂ ਨਾਲ ਹੀ ਕਰਨਾ ਹੈ| ਉਨ੍ਹਾਂ ਕਿਹਾ ਕਿ ਸਕੂਲ ਵਾਲੇ ਇਸ ਸਬੰਧੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ| ਸਕੂਲ ਦੇ ਬੱਚਿਆਂ ਦੇ ਮਾਪਿਆਂ ਦੀ ਅਗਵਾਈ ਪਾਲ ਸਿੰਘ ਤਰਨ ਤਾਰਨ ਨੇ ਕੀਤੀ| ਵਿਖਾਵਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਕੂਲ ਦੇ ਪ੍ਰਬੰਧਕਾਂ ਖਿਲਾਫ਼ ਰੋਸ ਜ਼ਾਹਿਰ ਕਰਨ ਵਾਲੀਆਂ ਤਖਤੀਆਂ ਹੱਥਾਂ ਵਿੱਚ ਫੜ੍ਹੀਆਂ ਹੋਈਆਂ ਸਨ| ਪਾਲ ਸਿੰਘ ਨੇ ਦੋਸ਼ ਲਗਾਇਆ ਕਿ ਸਕੂਲ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਚੱਲ ਰਹੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ ਜਿਸ ਨਾਲ ਬੱਚਿਆਂ ਦਾ ਇਕ ਕੀਮਤੀ ਸਾਲ ਬਰਬਾਦ ਹੋ ਰਿਹਾ ਹੈ ਪਰ ਸਕੂਲ ਵਾਲੇ ਫੀਸਾਂ ਨਾ ਦੇਣ ਤੇ ਬੱਚਿਆਂ ਦੇ ਨਾਂ ਖਾਰਜ ਕਰਨ ਦੀਆਂ ਧਮਕੀਆਂ ਦੇ ਰਹੇ ਹਨ| ਉਨ੍ਹਾਂ ਸਰਕਾਰ ਨੂੰ ਉਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਦੀ ਅਦਾਇਗੀ ਕਰਨ ਦੀ ਅਪੀਲ ਕੀਤੀ|