ਪੱਤਰ ਪੇ੍ਰਕ
ਜੰਡਿਆਲਾ ਗੁਰੂ, 1 ਫਰਵਰੀ
ਜੀਟੀ ਰੋਡ ਉੱਪਰੋਂ ਮੋਟਰਸਾਈਕਲ ਸਵਾਰ ਪਿਓ-ਪੁੱਤਰ ਨੂੰ ਚਾਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਤਰ ਦਿਖਾ ਕੇ ਲੁੱਟ ਲਿਆ। ਇਸ ਬਾਰੇ ਹਰਜੀਤ ਸਿੰਘ ਵਾਸੀ ਪਿੰਡ ਮਰੜ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਉਹ ਬੀਤੀ ਸ਼ਾਮ ਕਰੀਬ ਚਾਰ ਵਜੇ ਆਪਣੇ ਪੁੱਤਰ ਨਾਲ ਆਪਣੇ ਮੋਟਰਸਾਈਕਲ (ਪੀਬੀ18ਵੀ9248) ’ਤੇ ਸਵਾਰ ਹੋ ਕੇ ਸ਼ੇਖਫਤਾ ਦਰਗਾਹ ਤੋਂ ਜੀਟੀ ਰੋਡ ਅੰਮ੍ਰਿਤਸਰ ਜਲੰਧਰ ਨਹਿਰ ਦੀ ਪਟੜੀ ਦੇ ਨਾਲ ਨਾਲ ਆ ਰਹੇ ਸੀ। ਜਦੋਂ ਉਹ ਜੀਟੀ ਰੋਡ ਨੇੜੇ ਸ਼ੈਲਰ ਦੇ ਕੋਲ ਪਹੁੰਚੇ ਤਾਂ ਚਾਰ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਹੋਇਆਂ ਉਨ੍ਹਾਂ ਦੀ ਜੇਬ ਵਿੱਚੋਂ ਪਏ ਦੋ ਹਜ਼ਾਰ ਰੁਪਏ ਅਤੇ ਇੱਕ ਮੋਬਾਈਲ ਖੋਹ ਲਿਆ। ਮੌਕੇ ’ਤੇ ਦੋ ਹੋਰ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਆ ਜਾਣ ਕਾਰਨ ਲੁਟੇਰੇ ਮੋਬਾਈਲ ਉਥੇ ਹੀ ਸੁੱਟ ਕੇ ਦੌੜ ਗਏ। ਉਨ੍ਹਾਂ ਦੱਸਿਆ ਲੁਟੇਰਿਆਂ ਵਿਚੋਂ ਇਕ ਦਾ ਮੋਟਰਸਾਈਕਲ ਨੰਬਰ ਪੀਬੀ46ਸੀ7578 ਸੀ। ਸਥਾਨਕ ਪੁਲੀਸ ਵੱਲੋਂ ਚਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜੰਡਿਆਲਾ ਗੁਰੂ ਵਿੱਚ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਦਾ ਬੋਲਬਾਲਾ ਹੈ ਤੇ ਪੰਦਰਾਂ ਦਿਨਾਂ ਵਿੱਚ ਦਰਜਨਾਂ ਦੇ ਕਰੀਬ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਏਨੀਆਂ ਵਾਰਦਾਤਾਂ ਹੋਣ ਦੇ ਬਾਵਜੂਦ ਪੁਲੀਸ ਦੇ ਹੱਥ ਅਜੇ ਤੱਕ ਖਾਲੀ ਹਨ। ਇਸ ਸਭ ਦੇ ਚੱਲਦਿਆਂ ਲੋਕਾਂ ਵਿੱਚ ਇੰਨਾ ਡਰ ਪਾਇਆ ਜਾ ਰਿਹਾ ਹੈ ਤੇ ਲੋਕ ਆਪਣੇ ਘਰੋਂ ਬਾਹਰ ਨਿਕਲਣ ਲੱਗਿਆਂ ਵੀ ਡਰਨ ਲੱਗੇ ਹਨ।
ਗਹਿਣੇ ਅਤੇ ਨਕਦੀ ਚੋਰੀ
ਪੱਤਰ ਪ੍ਰੇਰਕ
ਤਰਨ ਤਾਰਨ, 1 ਫਰਵਰੀ
ਬੁਰਜ ਵਾਸੀ ਇਕ ਸਾਬਕ ਫੌਜੀ ਜਵਾਨ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ| ਥਾਣਾ ਸਰਾਏ ਅਮਾਨਤ ਖਾਂ ਦੇ ਏਐੱਸਆਈ ਹੀਰਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ। ਪੁਲੀਸ ਨੇ ਧਾਰਾ 457, 380 ਅਧੀਨ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ| ਕਰਮਜੀਤ ਸਿੰਘ ਨੇ ਦੱਸਿਆ ਕਿ ਉਹ 19 ਜਨਵਰੀ ਦਾ ਪਰਿਵਾਰ ਸਣੇ ਗੁਰਦਾਸਪੁਰ ਸਹੁਰੇ ਗਿਆ ਸੀ| ਉਹ ਕੱਲ੍ਹ ਸੋਮਵਾਰ ਨੂੰ ਘਰ ਆਇਆ ਤਾਂ ਉਸਨੇ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਬੈੱਡ ਰੂਮ ਦੀਆਂ ਅਲਮਾਰੀਆਂ ਦਾ ਸਾਮਾਨ ਆਦਿ ਖਿੱਲਰਿਆ ਹੋਇਆ ਸੀ| ਅਲਮਾਰੀ ਵਿੱਚੋਂ 16 ਤੋਲਾ ਸੋਨੇ ਦੇ ਗਹਿਣੇ ਤੇ ਇਕ ਲੱਖ ਰੁਪਏ ਦਾ ਕੈਸ਼ ਗਾਇਬ ਸੀ| ਕਰਮਜੀਤ 2016 ’ਚ ਫੌਜ ਤੋਂ ਸੇਵਾਮੁਕਤ ਹੋ ਕੇ ਘਰ ਆਇਆ ਸੀ|