ਪੱਤਰ ਪ੍ਰੇਰਕ
ਤਰਨ ਤਾਰਨ, 10 ਮਈ
ਇਲਾਕੇ ਦੇ ਪਿੰਡ ਬਾਗੜੀਆਂ ਨੇੜੇ ਕੌਮੀ ਸ਼ਾਹ ਮਾਰਗ ’ਤੇ ਬੀਤੀ ਦੇਰ ਸ਼ਾਮ ਹੋਏ ਭਿਆਨਕ ਹਾਦਸੇ ਵਿੱਚ ਪਿਓ-ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ| ਉਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਮੋਟਰਸਾਈਕਲ ਨੂੰ ਪਾਸੇ ਤੋਂ ਟੱਕਰ ਮਾਰ ਦਿੱਤੀ| ਹਾਦਸੇ ਦੇ ਮ੍ਰਿਤਕਾਂ ਵਿੱਚ ਇਲਾਕੇ ਦੇ ਪਿੰਡ ਪੱਖੋਕੇ ਦੇ ਵਾਸੀ ਪਰਮਜੀਤ ਸਿੰਘ (47) ਤੇ ਉਸ ਦਾ ਲੜਕਾ ਜਰਮਨਜੀਤ ਸਿੰਘ (13) ਸ਼ਾਮਲ ਹਨ ਜਦੋਂਕਿ ਪਰਮਜੀਤ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ| ਹਾਦਸੇ ਦਾ ਪੀੜਤ ਪਰਿਵਾਰ ਝਬਾਲ ਨੇੜਲੇ ਪਿੰਡ ਮੰਨਣ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ| ਉਹ ਜਿਵੇਂ ਹੀ ਸੜਕ ਕਰਾਸ ਕਰ ਕੇ ਪਿੰਡ ਨੂੰ ਮੁੜਨ ਲੱਗੇ ਤਾਂ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਾਸੇ ਤੋਂ ਟੱਕਰ ਮਾਰ ਦਿੱਤੀ| ਪਰਮਜੀਤ ਸਿੰਘ ਅਤੇ ਉਸ ਦੇ ਲੜਕੇ ਜਰਮਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਕਾਰ ਚਾਲਕ ਖਿਲਾਫ਼ ਇਕ ਕੇਸ ਦਰਜ ਕੀਤਾ ਹੈ| ਹਾਦਸੇ ਦੇ ਤੁਰੰਤ ਬਾਅਦ ਹੀ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ|