ਜੰਡਿਆਲਾ ਗੁਰੂ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ (ਫੈਪ) ਵੱਲੋਂ ਇੰਟਰਨੈਸ਼ਨਲ ਫਤਹਿ ਅਕੈਡਮੀ ਜੰਡਿਆਲਾ ਗੁਰੂ ਨੂੰ ਵਧੀਆ ਵਿਦਿਅਕ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਵਾਈਸ ਚੇਅਰਪਰਸਨ ਰਵਿੰਦਰ ਕੌਰ ਨੇ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਅਕੈਡਮੀ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਾਲ ਫ਼ੈਪ ਨੈਸ਼ਨਲ ਐਵਾਰਡ ਦਾ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕੀਤਾ ਗਿਆ। ਇਸ ਸਮਾਗਮ ਵਿੱਚ ਇੰਟਰਨੈਸ਼ਨਲ ਫਤਹਿ ਅਕੈਡਮੀ ਨੂੰ ਬਿਹਤਰੀਨ ਸਕੂਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਅਕੈਡਮੀ ਦਾ ਨਤੀਜਾ ਹਰ ਸਾਲ 100 ਫ਼ੀਸਦ ਰਿਹਾ ਹੈ। ਉਨ੍ਹਾਂ ਕਿਹਾ ਅਕੈਡਮੀ ਦਾ ਮੁੱਖ ਟੀਚਾ ਆਪਣੇ ਵਿਦਿਆਰਥੀਆਂ ਨੂੰ ਸਮਾਜ ਦੇ ਚੰਗੇ ਨਾਗਰਿਕ ਅਤੇ ਉੱਚ ਨੈਤਿਕਤਾ ਦੇ ਧਾਰਨੀ ਬਣਾਉਣਾ ਹੈ। -ਪੱਤਰ ਪ੍ਰੇਰਕ