ਮਨਪ੍ਰੀਤ ਸਿੰਘ
ਮਾਨਸਰ, 4 ਜੂਨ
ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਨਸਰ ’ਤੇ ਵਿੱਢਿਆ ਸੰਘਰਸ਼ ਅੱਜ 237ਵੇਂ ਦਿਨ ਵੀ ਜਾਰੀ ਰਿਹਾ। ਸਤਨਾਮ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਸਿੰਘੂ ਬਾਰਡਰ ਦਿੱਲੀ ਲਈ ਜਥਾ ਰਵਾਨਾ ਹੋਇਆ। ਗੁਰਨਾਮ ਸਿੰਘ ਜਹਾਨਪੁਰ, ਯੋਧ ਸਿੰਘ ਕੋਟਲੀ, ਬਲਦੇਵ ਕ੍ਰਿਸਨ ਤੇ ਨਰਿੰਦਰ ਸਿੰਘ ਗੋਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਦਾ ਬਹਾਨਾ ਲਾ ਕੇ ਦੇਸ਼ ਦੇ ਅੰਨਦਾਤੇ ਦੀ ਪਿੱਠ ’ਤੇ ਖੰਜਰ ਮਾਰਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਸਿਰਫ਼ ਕਿਸਾਨਾਂ ਦਾ ਨਹੀਂ, ਸਗੋਂ ਇਹ ਸੰਘਰਸ਼ ਹਰ ਵਰਗ ਦਾ ਬਣ ਚੁੱਕਾ ਹੈ ਅਤੇ ਜਲਦ ਹੀ ਕਿਸਾਨ ਸੰਘਰਸ਼ ਇਤਿਹਾਸਕ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਸੰਪੂਰਨ ਕ੍ਰਾਂਤੀ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੱਟੀ (ਬੇਅੰਤ ਸਿੰਘ ਸੰਧੂ): ਕਿਸਾਨ ਸਘੰਰਸ਼ ਕਮੇਟੀ ਪੰਜਾਬ ਵੱਲੋਂ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਅਗਵਾਈ ਹੇਠ ਮੀਟਿੰਗ ਪਿੰਡ ਸਰਾਲੀ ਮੰਡਾਂ ਅੰਦਰ ਕੀਤੀ ਗਈ। ਸੰਯੁਕਤ ਮੌਰਚੇ ਦੇ ਸੱਦੇ ਤਹਿਤ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਕਾਨਫਰੰਸ ਕਰਨ ਲਈ ਆਗੂਆਂ ਨੇ ਦਿੱਲੀ ਸੰਘਰਸ਼ ਵਿੱਚ ਜਥੇ ਭੇਜਣ ਲਈ ਰੂਪ-ਰੇਖਾ ਉਲੀਕੀ ਗਈ। ਸ੍ਰੀ ਕੋਟਬੁੱਢਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਦੇਸ਼ ਅੰਦਰ ਕਿਸਾਨੀ ਸੰਘਰਸ਼ ਵਿਚ ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਦੀ ਸ਼ਹਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰੇਰਨਾ ਸਰੋਤ ਹੈ ਤੇ ਕਿਸਾਨੀ ਸੰਘਰਸ਼ ਕਾਨੂੰਨਾਂ ਨੂੰ ਰੱਦ ਕਰਵਾਉਣ ਵਿੱਚ ਸਫ਼ਲ ਹੋਵੇਗਾ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੀ ਮੀਟਿੰਗ ਅੱਜ ਗੁਰਦੁਆਰਾ ਨਾਨੋਵਾਲ ਖ਼ੁਰਦ ਵਿੱਚ ਜ਼ੋਨ ਪ੍ਰਧਾਨ ਸੋਹਣ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਗਿੱਲ ਨੇ ਦੱਸਿਆ ਕਿ 20 ਜੂਨ ਨੂੰ ਜ਼ੋਨ ਵਿੱਚੋਂ ਜਥੇ ਦਿੱਲੀ ਮੋਰਚੇ ਨੂੰ ਲਿਜਾਣ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ 5 ਜੂਨ ਨੂੰ ਭਾਜਪਾ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਚੋਹਲਾ ਸਾਹਿਬ (ਤੇਜਿੰਦਰ ਸਿੰਘ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁਢਾ ਵੱਲੋਂ ਪਿੰਡ ਖਾਰਾ ਵਿਚ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁਢਾ ਅਤੇ ਪਰਗਟ ਸਿੰਘ ਚੰਬਾ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਨਹੀਂ ਬਲਕਿ ਸਮਾਜ ਵਿਰੋਧੀ ਹਨ। ਇਨ੍ਹਾਂ ਦੀ ਭੇਟ ਚੜ੍ਹ ਕੇ ਅੰਨਦਾਤਾ ਸ਼ਹੀਦ ਹੋ ਰਿਹਾ ਹੈ ਜਿਸ ਦਾ ਸਰਕਾਰ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਭਲਕੇ 5 ਜੂਨ ਨੂੰ ਮੰਦਸੌਰ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਉਨ੍ਹਾਂ ਦੀ ਚੌਥੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਭਾਜਪਾ ਦੇ ਸਾਂਸਦਾਂ , ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਖੇਤੀ ਕਾਨੂੰਨਾਂ ਖ਼ਿਲਾਫ਼ ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਸਥਿਤ ਬੱਛੂਆਂ ਟੌਲ ਪਲਾਜ਼ੇ ’ਤੇ ਅਤੇ ਬਲਾਚੌਰ-ਗੜ੍ਹਸ਼ੰਕਰ ਮਾਰਗ ’ਤੇ ਸਥਿਤ ਕਰਾਵਰ (ਮਜਾਰੀ) ਟੌਲ ਪਲਾਜ਼ੇ ’ਤੇ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਹਨ। ਇਸ ਮੌਕੇ ਕਿਸਾਨ ਆਗੂ ਕਾਮਰੇਡ ਕਰਨ ਸਿੰਘ ਰਾਣਾ, ਸਤਨਾਮ ਸਿੰਘ ਜਲਾਲਪੁਰ ਅਤੇ ਕਾਮਰੇਡ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਸੰਯੁਕਤ ਸਿਕਾਨ ਮੋਰਚੇ ਵਲੋਂ ਦਿੱਤੀ ਕਾਲ ਦੇ ਸਬੰਧ ਵਿੱਚ ਬੱਛੂਆਂ ਟੌਲ ਪਲਾਜ਼ੇ ’ਤੇ 5 ਜੂਨ ਨੂੰ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਜਾਵੇਗਾ। ਇਸੇ ਤਰ੍ਹਾਂ ਕਾਮਰੇਡ ਮਹਾਂ ਸਿੰਘ ਰੌੜੀ ਤੇ ਕਾਮਰੇਡ ਪ੍ਰੇਮ ਰੱਕੜ ਨੇ ਕਿਹਾ ਕਿ ਕਰਾਵਰ (ਮਜਾਰੀ) ਟੌਲ ਪਲਾਜ਼ੇ ’ਤੇ ਵੀ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਜਾਵੇਗਾ। ਆਗੂੁਆਂ ਨੇ ਸਮੂਹ ਕਿਸਾਨਾਂ-ਮਜ਼ਦੂਰਾਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ।
ਪਿੰਡ ਰਾਮਗੜ੍ਹ ਝੁੰਗੀਆਂ ਤੋਂ ਦਿੱਲੀ ਲਈ ਜਥਾ ਰਵਾਨਾ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਗੜ੍ਹਸ਼ੰਕਰ ਨਜ਼ਦੀਕ ਬਬਰਾਂ ਦੇ ਪਿੰਡ ਰਾਮਗੜ੍ਹ ਝੁੰਗੀਆਂ ਤੋਂ ਕਿਸਾਨਾਂ ਦਾ ਜਥਾ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ ਹੋਇਆ। ਕੁਲਵਿੰਦਰ ਚਾਹਲ ਤੇ ਅਜੀਤ ਸਿੰਘ ਬੋੜਾ ਨੇ ਦੱਸਿਆ ਕਿ ਮਜ਼ਦੂਰ-ਕਿਸਾਨ ਹਰ ਹਾਲਤ ਵਿੱਚ ਇਹ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲੈਣਗੇ। ਉਹ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਹਰ ਪਿੰਡ ਤੋਂ ਦੁਬਾਰਾ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਵੱਲ ਚਾਲੇ ਪਾਉਣਗੇ। ਇਸ ਜਥੇ ਵਿੱਚ ਮਹਿੰਦਰ ਸਿੰਘ ਫੌਜੀ ਰਾਮਗੜ੍ਹ ,ਹਰਬੰਸ ਸਿੰਘ ਬੈਂਸ, ਸੰਤੋਖ ਸਿੰਘ ਰਸੂਲਪੁਰ , ਗੁਰਪ੍ਰੀਤ ਕੌਰ ਅਤੇ ਬਲਜੀਤ ਕੌਰ ਰਾਏ ਆਦਿ ਸ਼ਾਮਲ ਸਨ।