ਪੱਤਰ ਪ੍ਰੇਰਕ
ਚੇਤਨਪੁਰਾ, 12 ਦਸੰਬਰ
ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨ ਲਏ ਜਾਣ ਉਪਰੰਤ ਅੱਜ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦਾ ਜਥਾ ਦਿੱਲੀ ਦੇ ਬਾਰਡਰਾਂ ਤੋਂ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਵਾਪਸ ਪਰਤ ਆਇਆ। ਅੱਡਾ ਕੁੱਕੜਾਂਵਾਲਾ ਵਿੱਚ ਵਾਪਸ ਪੁੱਜਣ ’ਤੇ ਇਸ ਜਥੇ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਜੋਸ਼ੋ ਖ਼ਰੋਸ਼ ਨਾਲ ਸਵਾਗਤ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ ਯਾਦਗਾਰੀ ਹਾਲ ਵਿੱਚ ਧਨਵੰਤ ਸਿੰਘ ਖ਼ਤਰਾਏ ਕਲਾਂ ਤੇ ਸਮੂਹ ਕਿਸਾਨ ਆਗੂਆਂ ਵੱਲੋਂ ਸੰਘਰਸ਼ ਦੌਰਾਨ ਵਿਛੜ ਗਏ ਸਾਥੀਆਂ ਤੇ ਜਥੇਬੰਦੀ ਦੇ ਸ਼ਹੀਦ ਹੋਏ ਆਗੂਆਂ ਨੂੰ ਭਾਵ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾ. ਇੰਦਰਜੀਤ ਸਿੰਘ ਮਹਿਲਾਂਵਾਲਾ, ਕਾਬਲ ਸਿੰਘ ਛੀਨਾ ਤੇ ਬਿੱਕਾ ਤੇੜਾ ਤੋਂ ਇਲਾਵਾ ਕਿਸਾਨ ਹਾਜ਼ਰ ਸਨ।
ਮਾਨਸਰ (ਪੱਤਰ ਪ੍ਰੇਰਕ): ਇੱਥੇ ਨੁਸਹਿਰਾ ਸਿੰਬਲੀ ’ਚ ਅੱਜ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ਉਪਰੰਤ ਸਿੰਘੂ ਬਾਰਡਰ ਤੋਂ ਪਰਤੇ ਕਿਸਾਨ ਆਗੂ ਧਰਮਿੰਦਰ ਸਿੰਘ ਸਿੰਬਲੀ ਦਾ ਪਿੰਡ ਵਾਸੀਆਂ ਤੇ ਸਾਂਝੀ ਸੰਘਰਸ਼ ਕਮੇਟੀ ਟੌਲ ਪਲਾਜ਼ਾ ਮਾਨਸਰ ਵੱਲੋਂ ਸਿਰਪਾਓ ਤੇ ਹਾਰ ਪਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਸਾਨ ਮਜ਼ਦੂਰ ਸ਼ੰਘਰਸ਼ ਵਿੱਚ ਜਿੱਤ ਪ੍ਰਾਪਤ ਕਰਨ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਯੋਧ ਸਿੰਘ, ਨਰਿੰਦਰ ਸਿੰਘ ਗੋਲੀ, ਰਘੁਵੀਰ ਸਿੰਘ, ਅਵਤਾਰ ਸਿੰਘ ਬੋਬੀ, ਸਮੇਂਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਦਾ ਕਿਸਾਨੀ ਸੰਘਰਸ਼ ਫ਼ਤਹਿ ਹੋਣ ਉਪਰੰਤ ਘਰ ਵਾਪਸੀ ਮੌਕੇ ਕਸਬਾ ਗੋਇੰਦਵਾਲ ਸਾਹਿਬ ਪੁੱਜਣ ’ਤੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ। ਇੱਥੇ ਪੁੱਜੇ ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ ਦੇ ਸਵਾਗਤ ਲਈ ਸੈਂਕੜੇ ਲੋਕ ਸਵਾਗਤ ਲਈ ਇਕੱਤਰ ਹੋਏ। ਕਪੂਰਥਲਾ ਚੌਕ ਵਿੱਚ ਕਿਸਾਨਾਂ ਵੱਲੋਂ ਰੱਖੇ ਸਵਾਗਤੀ ਪ੍ਰੋਗਰਾਮ ਦੌਰਾਨ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਆਤਿਸ਼ਬਾਜ਼ੀ ਵੀ ਚਲਾਈ ਗਈ। ਇੱਥੇ ਪੁੱਜੇ ਹਰਜਿੰਦਰ ਸਿੰਘ ਟਾਂਡਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਸਬੇ ਦੇ ਦੁਕਾਨਦਾਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ ।ਇਸ ਉਪਰੰਤ ਹਰਜਿੰਦਰ ਸਿੰਘ ਟਾਂਡਾ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਤਮਸਤਕ ਹੋਏ ਅਤੇ ਇਸ ਜਿੱਤ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਕਾਹਲਵਾ ਵੱਲੋਂ ਕਿਸਾਨ ਆਗੂਆ ਨੂੰ ਸਿਰੋਪੇ ਭੇਟ ਕਰ ਸਨਮਾਨਿਤ ਕੀਤਾ ਗਿਆ।
ਹੁਸ਼ਿਆਰਪੁਰ ਵਿੱਚ ਜੇਤੂ ਮਾਰਚ ਦਾ ਭਰਵਾਂ ਸਵਾਗਤ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਇਕ ਸਾਲ ਤੋਂ ਵੱਧ ਸਮਾਂ ਅੰਦੋਲਨ ਕਰਨ ਤੋਂ ਬਾਅਦ ਮੋਰਚਾ ਜਿੱਤ ਕੇ ਪਰਤੇ ਕਿਸਾਨ ਯੋਧਿਆਂ ਦੇ ਜੇਤੂ ਮਾਰਚ ਦਾ ਅੱਜ ਹੁਸ਼ਿਆਰਪੁਰ ਪੁੱਜਣ ’ਤੇ ਲੋਕਾਂ ਵਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜੇਤੂ ਮਾਰਚ ਦੇ ਅੱਗੇ-ਅੱਗੇ ਢੋਲ ਵੱਜ ਰਹੇ ਸਨ ਤੇ ਨੌਜਵਾਨ ਭੰਗੜੇ ਪਾ ਰਹੇ ਸਨ। ਖੁੱਲ੍ਹੇ ਵਾਹਨਾਂ ’ਤੇ ਸਵਾਰ ਕਿਸਾਨਾਂ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕਬੂਲਿਆ। ਲੋਕਾਂ ਨੇ ਸਿਰੋਪੇ ਪਾ ਕੇ ਕਿਸਾਨ ਯੋਧਿਆਂ ਦਾ ਸਵਾਗਤ ਕੀਤਾ। ਸ਼ਹਿਰ ਦੇ ਪੁਰਹੀਰਾਂ ਬਾਈਪਾਸ ਪੁੱਜਣ ’ਤੇ ਜੇਤੂ ਮਾਰਚ ਦਾ ਭਰਵਾਂ ਸਵਾਗਤ ਹੋਇਆ। ਉਪਰੰਤ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਕਿਸਾਨ ਯੋਧਿਆਂ ਦਾ ਸਵਾਗਤ ਕੀਤਾ ਗਿਆ। ਬਾਅਦ ਵਿਚ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਪਿੰਡਾਂ ਨੂੰ ਰਵਾਨਾ ਹੋਇਆ।
ਕਿਸਾਨੀ ਮੋਰਚਾ ਜਿੱਤ ਕੇ ਪਰਤੇ ਕਿਸਾਨ ਦਾ ਸਨਮਾਨ
ਤਲਵਾੜਾ (ਪੱਤਰ ਪ੍ਰੇਰਕ): ਦਿੱਲੀ ਮੋਰਚਾ ਫ਼ਤਹਿ ਕਰ ਕੇ ਹਾਜ਼ੀਪੁਰ ਪਹੁੰਚਣ ’ਤੇ ਨੌਜਵਾਨ ਆਗੂ ਧਰਮਿੰਦਰ ਸਿੰਘ ਦਾ ਕਿਸਾਨ ਜਥੇਬੰਦੀਆਂ ਤੇ ਮੁਲਾਜ਼ਮ ਸੰਗਠਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਟੌਲ ਪਲਾਜ਼ਾ ਹਰਸਾ ਮਾਨਸਰ ਮੁਕੇਰੀਆਂ ਦੇ ਆਗੂ ਯੋਧ ਸਿੰਘ, ਗਿਆਨ ਸਿੰਘ ਗੁਪਤਾ ਤੇ ਸ਼ਿਵ ਕੁਮਾਰ ਅਮਰੋਹੀ ਦੀ ਅਗਵਾਈ ਹੇਠ ਧਰਮਿੰਦਰ ਸਿੰਘ ਤੇ ਉਸਦੀ ਜੀਵਨ ਸਾਥਣ ਪ੍ਰਵੀਨ ਦਾ ਗਰਮਜ਼ੋੋਸ਼ੀ ਨਾਲ ਸਵਾਗਤ ਕੀਤਾ। ਕਾਫ਼ਲੇ ਦੇ ਰੂਪ ਵਿੱਚ ਜੇਤੂ ਜਲੂਸ ਕੱਢ ਧਰਮਿੰਦਰ ਸਿੰਘ ਨੂੰ ਉਸਦੇ ਜੱਦੀ ਪਿੰਡ ਨੌਸ਼ਹਿਰਾ ਸਿੰਬਲੀ ਪਹੁੰਚਾਇਆ।