ਬੇਅੰਤ ਸਿੰਘ ਸੰਧੂ
ਪੱਟੀ, 18 ਅਪਰੈਲ
ਭਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰੀ ਖਰੀਦ ਏਜੰਸੀ ਐੱਫਸੀਆਈ ਵੱਲੋਂ ਮਾਪਦੰਡਾਂ ਦੇ ਬਹਾਨੇ ਪੰਜਾਬ ਅੰਦਰ ਕਣਕ ਖਰੀਦਣ ’ਤੇ ਰੋਕ ਲਗਾਉਣ ਦਾ ਵਿਰੋਧ ਕਰਦਿਆਂ ਐੱਸਡੀਐੱਮ ਪੱਟੀ ਅਲਕਾ ਕਾਲੀਆ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂ ਗੁਰਬਾਜ਼ ਸਿੰਘ ਸਿੱਧਵਾ, ਦਲੇਰ ਸਿੰਘ ਰਾਜੋਕੇ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਖਰੀਦ ਦੌਰਾਨ ਕਣਕ ਦੇ ਮੋਟੇ ਤੇ ਪਤਲੇ ਦਾਣਿਆ ਦੀ ਸ਼ਰਤ ਲਗਾ ਕੇ ਕੇਂਦਰ ਸਰਕਾਰ ਕਿਸਾਨੀ ਕਿੱਤੇ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਲਈ ਖੁੱਲ੍ਹੀ ਮੰਡੀ ਦਾ ਰਾਹ ਖੋਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕੇਂਦਰ ਸਰਕਾਰ ਇਹ ਫੈਸਲਾ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਕਣਕ ਦੀ ਖਰੀਦ ਕਰੇ ਅਤੇ ਸਾਰੀਆ ਫਸਲਾਂ ਉੱਪਰ ਐੱਮਐੱਸਪੀ ਦੇਵੇ। ਇਸ ਮੌਕੇ ਕਿਸਾਨਾਂ ਨੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਕਿਸਾਨ ਵਿਰੋਧੀ ਫੈਸਲੇ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦੀ ਸ਼ਲਾਂਘਾ ਕੀਤੀ। ਇਸ ਮੌਕੇ ਜਥੇਬੰਦੀ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਪੱਖੀ ਫੈਸਲਿਆਂ ਤੋਂ ਪਿੱਛੇ ਨਾ ਹਟੀ ਤਾਂ ਕੇਂਦਰ ਨੂੰ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਰੋਹ ਭਰਪੂਰ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਗੁਰਮੇਜ ਸਿੰਘ, ਜਗਤਾਰ ਸਿੰਘ, ਰੁਪਿੰਦਰ ਸਿੰਘ, ਤਜਿੰਦਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।
ਭੁਲੱਥ (ਦਲੇਰ ਸਿੰਘ ਚੀਮਾ): ਮਾਰਕੀਟ ਕਮੇਟੀ ਭੁਲੱਥ ਅਧੀਨ ਆਉਂਦੀਆਂ ਅੱਠ ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਆਮਦ ਤੇ ਖ਼ਰੀਦ ਪੂਰੇ ਜੋਬਨ ’ਤੇ ਹੈ ਪਰ ਇੱਥੇ ਮੌਜੂਦ ਕਿਸਾਨ ਕਣਕ ਦੇ ਝਾੜ ਘਟਣ ਕਰਕੇ ਨਿਰਾਸ਼ ਜਾਪ ਰਹੇ ਹਨ ਤੇ ਸਰਕਾਰੀ ਖਰੀਦ ਪ੍ਰਬੰਧਾਂ ਤੋਂ ਖੁਸ਼ ਦਿਖਾਈ ਦੇ ਰਹੇ ਹਨ। ਮਾਰਕੀਟ ਕਮੇਟੀ ਭੁਲੱਥ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਅਧੀਨ ਅੱਠ ਮੰਡੀਆਂ ਭੁਲੱਥ, ਨਡਾਲਾ, ਬੇਗੋਵਾਲ,ਬਰਿਆਰ, ਲਰਾਮਗੜ, ਚੌਕ ਬਜਾਜ, ਇਬਰਾਹੀਮ ਵਾਲ ਖੱਸਣ ਵਿਚ ਹੁਣ ਤੱਕ 3,36,089 ਕੁਇੰਟਲ ਕਣਕ ਦੀ ਖਰੀਦ ਵੱਖ ਵੱਖ ਖਰੀਦ ਏਜੰਸੀਆਂ ਰਾਹੀਂ ਹੋ ਚੁੱਕੀ ਹੈ ਇਨ੍ਹਾਂ ਵਿੱਚੋਂ 27,850 ਕੁਇੰਟਲ ਦੀ ਚੁਕਾਈ ਹੋ ਗਈ ਹੈ ਅਤੇ ਕਿਸਾਨਾਂ ਨੂੰ ਅਦਾਇਗੀ ਚੌਵੀ ਘੰਟਿਆਂ ਵਿੱਚ ਹੋ ਰਹੀ ਹੈ। ਭੁਲੱਥ ਮੰਡੀ ਵਿੱਚ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਐਤਕੀਂ ਬੇਮੌਸਮੀ ਬਰਸਾਤ ਤੇ ਅਗੇਤੀ ਜ਼ਿਆਦਾ ਗਰਮੀ ਪੈਣ ਕਾਰਨ 25 ਫ਼ੀਸਦ ਆਮ ਕਿਸਾਨਾਂ ਦਾ ਝਾੜ ਘਟਿਆ ਹੈ ਤੇ ਚੌਕ ਬਜਾਜ ਮੰਡੀ ਵਿੱਚ ਬਲਵਿੰਦਰ ਸਿੰਘ ਕਰਨੈਲ ਗੰਜ, ਜੈਦ ਤੋਂ ਦਵਿੰਦਰ ਸਿੰਘ ਗਿੱਲ, ਪਿੰਡ ਭਟਨੂੰਰਾ ਕਲਾਂ ਤੋਂ ਹਰਦੀਪ ਸਿੰਘ ਨੇ ਦੱਸਿਆ ਕਿ ਬੱਸੀ, ਕਰਨੈਲ ਗੰਜ, ਨਡਾਲੀ ਬਗਵਾਨ ਪੁਰ ਪਿੰਡਾਂ ਵਿੱਚ ਦਸ ਕੁਇੰਟਲ, ਜੈਦ ਲੰਮੇ ਪਿੰਡ ਵਿਚ ਬਾਰਾਂ ਤੇਰ੍ਹਾਂ ਕੁਇੰਟਲ ਤੋਂ ਪ੍ਰਤੀ ਏਕੜ ਤੋਂ ਉੱਪਰ ਨਹੀਂ ਗਿਆ।
ਕੈਬਨਿਟ ਮੰਤਰੀ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ
ਚੇਤਨਪੁਰਾ (ਪੱਤਰ ਪ੍ਰੇਰਕ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਾਣਾ ਮੰਡੀ ਚੱਕ ਸਕੰਦਰ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਸ੍ਰੀ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਅਤੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਕੰਮ ਨੂੰ ਯਕੀਨੀ ਬਣਾਇਆ ਜਾਵੇੇੇ। ਇਸ ਤੋਂ ਪਹਿਲਾਂ ਸਮੂਹ ਮੰਡੀ ਦੇ ਆੜ੍ਹਤੀਆਂ ਵੱਲੋਂ ਮੰਡੀ ਦੇ ਪ੍ਰਧਾਨ ਗੁਰਮੁਖ ਸਿੰਘ ਮੋਹਣ ਭੰਡਾਰੀਆਂ ਦੀ ਅਗਵਾਈ ਹੇਠ ਇਕੱਤਰ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠ ਦੇ ਭੋਗ ਪਾਏ ਗਏ, ਤੇ ਗ੍ਰੰਥੀ ਸਿੰਘ ਵੱਲੋਂ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਅਤੇ ਪੰਜਾਬ ਸਰਕਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਕੋਟ ਫਤੂਹੀ ਮੰਡੀ ਦਾ ਦੌਰਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਕੋਟ ਫਤੂਹੀ ਦੀ ਕਣਕ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੰਡੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੰਡੀ ਵਿਚ ਫ਼ਸਲ ਲੈ ਕੇ ਪੁੱਜੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਜ਼ਿਲ੍ਹਾ ਪਠਾਨਕੋਟ ਦੀਆਂ ਮੰਡੀਆਂ ਵਿੱਚ 10058 ਟਨ ਕਣਕ ਪੁੱਜੀ
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰਆਤ ਹੋ ਚੁੱਕੀ ਹੈ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਭੋਆ ਅਤੇ ਸਿਹੋੜਾ ਕਲਾਂ ਮੰਡੀਆਂ ਦਾ ਦੌਰਾ ਕੀਤਾ। ਇਸ ਬਾਰੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ 17 ਅਪਰੈਲ ਤੱਕ ਲਗਪਗ 10058 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪੁੱਜ ਚੁੱਕੀ ਹੈ ਅਤੇ ਪੂਰੇ ਜ਼ਿਲ੍ਹੇ ਵਿੱਚ 8828 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ।