ਦਵਿੰਦਰ ਸਿੰਘ ਭੰਗੂ
ਰਈਆ, 26 ਮਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਬੁੱਟਰ ਖੰਡ ਮਿੱਲ ਵੱਲ ਖੜੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਐੱਸ ਡੀ ਐਮ ਦਫ਼ਤਰ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਧਰਨੇ ਦੀ ਅਗਵਾਈ ਗੁਰਪ੍ਰੀਤ ਸਿੰਘ ਖ਼ਾਨਪੁਰ ਅਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਸਾਲ 2021-22 ਸੀਜ਼ਨ ਦਾ ਲਗਭਗ 800 ਕਰੋੜ ਰੁਪਈਆ ਕਿਸਾਨਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਮਿੱਲਾਂ ਵੱਲ ਖੜ੍ਹਾ ਹੈ। ਪਰ ਮਿੱਲ ਮਾਲਕ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਕਮ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ। ਰਾਣਾ ਸ਼ੂਗਰ ਮਿੱਲ ਵੱਲ ਵੀ ਕਿਸਾਨਾਂ ਦਾ ਕੋਈ 80 ਕਰੋੜ ਰੁਪਈਆ ਖੜ੍ਹਾ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਵਿੱਚ ਪੈ ਕੇ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਕਿਸਾਨ ਨੈਸ਼ਨਲ ਹਾਈਵੇ ਜਾ ਰੇਲਵੇ ਟਰੈਕ ਜਾਮ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਖੁਰਾਨਾ, ਹਰਦੀਪ ਸਿੰਘ ਫ਼ੌਜੀ, ਹਰਜੀਤ ਸਿੰਘ ਲੀਲ੍ਹ ਕਲਾ, ਭਜਨ ਸਿੰਘ ਵੈਰੋਂ ਨੰਗਲ, ਡਾਕਟਰ ਹਰਦੀਪ ਸਿੰਘ, ਸਤਨਾਮ ਸਿੰਘ ਮਧਰੇ, ਹਜ਼ੂਰ ਸਿੰਘ ਕਪੂਰਾ, ਝਿਲਮਿਲ ਸਿੰਘ ਬੱਜੂਮਾਨ, ਹਰਵਿੰਦਰ ਸਿੰਘ ਮਸਾਣੀਆਂ, ਬਾਬਾ ਨਰਿੰਦਰ ਸਿੰਘ, ਬਾਬਾ ਸ਼ੀਤਲ ਸਿੰਘ ਆਦਿ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।