ਸੁਖਦੇਵ ਸਿੰਘ ਸੁੱਖ
ਅਜਨਾਲਾ, 20 ਅਗਸਤ
ਪੰਜਾਬ ਦੀਆਂ ਵੱਖ-ਵੱਖ ਖੰਡ ਮਿੱਲਾਂ ਵੱਲ ਗੰਨਾਂ ਕਾਸ਼ਤਕਾਰ ਕਿਸਾਨਾਂ ਦੇ ਬਕਾਏ ਜਲਦੀ ਜਾਰੀ ਕਰਨ ਦੀ ਮੰਗ ਅਤੇ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ ਕੀਤੇ ਗਏ ਨਿਗੁਣੇ ਜਿਹੇ ਵਾਧੇ ਖਿਲਾਫ਼ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਨੇ ਅਜਨਾਲਾ ਦੀ ਖੰਡ ਮਿੱਲ ਭਲਾ ਪਿੰਡ ਅੰਦਰ ਰੋਸ ਧਰਨਾ ਦਿੰਦਿਆਂ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰਦਿਆਂ ਸੂਬਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਰੋਸ ਧਰਨੇ ਨੂੰ ਸੂਬਾਈ ਆਗੂ ਧੰਨਵੰਤ ਸਿੰਘ ਖਤਰਾਏ ਕਲ੍ਹਾਂ ਨੇ ਸੰਬੋਧਨ ਕਰਦਿਆਂ ਗੰਨੇ ਦਾ ਭਾਅ 400 ਰੁਪਏ ਕਰਨ, ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਚ ਕੀਤਾ ਵਾਧਾ ਵਾਪਸ ਲੈਣ,ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ਼ ਕਰਨ ਦੀ ਮੰਗ ਕੀਤੀ। ਰੋਸ ਧਰਨੇ ਨੂੰ ਸ਼ੀਤਲ ਸਿੰਘ ਤਲਵੰਡੀ, ਹੁਸ਼ਿਆਰ ਸਿੰਘ ਝੰਡੇਰ, ਡਾ.ਇੰਦਰਜੀਤ ਸਿੰਘ ਮਹਿਲਾਂਵਾਲਾ, ਹਰਭਜਨ ਸਿੰਘ ਟਰਪਈ, ਸੁੱਚਾ ਸਿੰਘ ਵੇਗੇਵਾਲ, ਰਪਾਲ ਸਿੰਘ ਛੀਨਾ, ਸੁੱਚਾ ਸਿੰਘ ਤੇੜ੍ਹਾ, ਸੁਖਦੇਵ ਸਿੰਘ ਡੱਬਰ, ਕੁਲਵੰਤ ਸਿੰਘ ਮੱਲੂਨੰਗਲ, ਕੁਲਵਿੰਦਰ ਸਿੰਘ ਵੇਰਕਾ ਨੇ ਵੀ ਸੰਬੋਧਨ ਕੀਤਾ।ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਗੁਰਦਾਸਪੁਰ(ਜਤਿੰਦਰ ਬੈਂਸ): ਗੰਨੇ ਦੀ ਪਿਛਲੇ ਦੋ ਸਾਲਾਂ ਦੇ ਬਕਾਏ ਦੀ ਅਦਾਇਗੀ ਅਤੇ ਗੰਨੇ ਦੇ ਭਾਅ ਵਿੱਚ 450 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਵੱਲੋਂ ਸਹਿਕਾਰੀ ਖੰਡ ਮਿੱਲ ਪਨਿਆੜ ਕੰਪਲੈਕਸ ਅੰਦਰ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਤਰਲੋਕ ਸਿੰਘ ਬਹਿਰਾਮਪੁੁਰ, ਗੁਰਦੀਪ ਸਿੰਘ ਕਾਮਲਪੁਰ, ਸੁਖਦੇਵ ਸਿੰਘ ਭੋਜਰਾਜ, ਡਾ.ਅਸ਼ੋਕ ਭਾਰਤੀ, ਗੁਰਦੀਪ ਸਿੰਘ ਕਲੀਜ਼ਪੁਰ ਆਦਿ ਨੇ ਕੀਤੀ। ਇਸ ਮੌਕੇ ਉਕਤ ਮੰਗਾਂ ਤੋਂ ਇਲਾਵਾ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗੰਨੇ ਦੇ ਭਾਅ ਵਿੱਚ ਸਿਰਫ਼ 15 ਰੁਪਏ ਦਾ ਵਾਧਾ ਕਰਨਾ ਕਿਸਾਨਾਂ ਨਾਲ ਮਜ਼ਾਕ ਹੈ।