ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 1 ਜੁਲਾਈ
ਪਿੰਡ ਲਾਲਪੁਰ ਵਿੱਚ ਕਤਲ ਹੋਏ ਨੌਜਵਾਨ ਜਗਦੀਪ ਸਿੰਘ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਦਲਿਤ ਜਥੇਬੰਦੀਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਬਿਆਸ ਪੁਲ ’ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ ਅੱਜ ਤੀਸਰੇ ਦਿਨ ਪੁਲ ਤੋਂ ਪਾਰ ਜ਼ਮੀਨ ਵਾਲੇ ਕਿਸਾਨਾਂ ਨੇ ਪੁਲੀਸ ਦੀ ਮੌਜੂਦਗੀ ਦੌਰਾਨ ਖਦੇੜ ਦਿੱਤਾ। ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਪਰ ਪੁਲੀਸ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਦੀ ਪੰਚਾਇਤ ਅਤੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਬਿਆਸ ਪੁਲ ’ਤੇ ਬੈਠੇ ਮੁਜ਼ਾਹਰਾਕਾਰੀਆਂ ਨਾਲ ਧਰਨੇ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਕਰਨ ਅਤੇ ਪਸ਼ੂਆਂ ਦੀ ਸੰਭਾਲ ਕਰਨ ਲਈ ਆ ਰਹੀਆਂ ਦਿੱਕਤਾਂ ਦਾ ਹਵਾਲਾ ਦੇ ਕੇ ਰਸਤਾ ਦੇਣ ਦੀ ਮੰਗ ਕੀਤੀ ਪਰ ਧਰਨਾਕਾਰੀਆਂ ਨੇ ਮਸਲਾ ਹੱਲ ਨਾ ਹੋਣ ਤੱਕ ਕਿਸਾਨਾਂ ਨੂੰ ਰਸਤਾ ਦੇਣ ਤੋਂ ਨਾ ਕਰ ਦਿੱਤੀ ਸੀ। ਇਸ ਉਪਰੰਤ ਧਰਨਾਕਾਰੀਆਂ ਅਤੇ ਕਿਸਾਨਾਂ ਦਰਮਿਆਨ ਪੁਲੀਸ ਦੀ ਮੌਜੂਦਗੀ ਵਿੱਚ ਝੜਪ ਹੋ ਗਈ ਜਿਸ ਤੋਂ ਬਾਅਦ ਕਿਸਾਨਾਂ ਨੇ ਬਿਆਸ ਪੁਲ ਤੇ ਦਲਿਤ ਸਮਾਜ ਦੇ ਆਗੂਆਂ ਵੱਲੋਂ ਲਾਇਆ ਧਰਨਾ ਕੁਝ ਮਿੰਟਾਂ ਵਿੱਚ ਖਦੇੜ ਦਿੱਤਾ।
ਪੁਲੀਸ ’ਤੇ ਮਿਲੀਭੁਗਤ ਦਾ ਦੋਸ਼ ਲਾਇਆ
ਦਲਿਤ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਧਰਨਾ ਹਟਾਉਣ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ। ਐੱਸਪੀ ਜਗਜੀਤ ਸਿੰਘ ਵਾਲੀਆ ਨੇ ਸਥਿਤੀ ਨੂੰ ਸੰਭਲਦੇ ਹੋਏ ਬਿਆਸ ਪੁਲ ਨੇੜੇ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਕਰਕੇ ਆਵਾਜਾਈ ਬਹਾਲ ਕਰਵਾਈ।