ਬੇਅੰਤ ਸਿੰਘ ਸੰਧੂ
ਪੱਟੀ, 4 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ਿਰੋਜ਼ਪੁਰ ਅੰਦਰ ਕੀਤੀ ਜਾ ਰੈਲੀ ਨੂੰ ਰੋਕਣ ਲਈ ਕਿਸਾਨ-ਮਜ਼ਦੂਰ ਸਘੰਰਸ਼ ਕਮੇਟੀ ਦਾ ਕਾਫ਼ਲਾ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਹਰੀਕੇ ਪੱਤਣ ਤੋਂ ਫਿਰੋਜ਼ਪੁਰ ਲਈ ਰਵਾਨਾ ਹੋਇਆ ਜਿਸ ਨੂੰ ਪੁਲੀਸ ਵੱਲੋਂ ਹਰੀਕੇ ਪੱਤਣ ਦੇ ਹੈੱਡ ਵਰਕਸ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਜਥੇਬੰਦੀ ਵੱਲੋਂ ਮੋਦੀ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੇਰ ਸ਼ਾਮ ਹਰੀਕੇ ਪੱਤਣ ਦੀ ਨਜ਼ਦੀਕ ਜਥੇਬੰਦੀ ਵੱਲੋਂ ਨੈਸ਼ਨਲ ਹਾਈਵੇ 54 ਉਪਰ ਧਰਨਾ ਲਗਾ ਕੇ ਸੜਕੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਬਿੱਲਾਂ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਲਈ ਅਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਹਾਲਤ ਤਰਸਯੋਗ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਿਆਸੀ ਲਾਹਾ ਲੈਣ ਖਾਤਰ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ ਲਈ ਪੰਜਾਬ ਅਤੇ ਕੇਂਦਰ ਸਰਕਾਰ ਮਕੁੰਮਲ ਜਿੰਮੇਵਾਰ ਹੋਣਗੀਆਂ। ਦੱਸਣਯੋਗ ਹੈ ਕਿ ਸਮੁੱਚੇ ਮਾਝੇ ਅੰਦਰੋਂ ਫ਼ਿਰੋਜ਼ਪੁਰ ਰੈਲੀ ਅੰਦਰ ਪੁੱਜਣ ਲਈ ਕਾਫਲਿਆਂ ਨੂੰ ਹਰੀਕੇ ਪੱਤਣ ਅਤੇ ਪੱਟੀ ਇਲਾਕੇ ਦੇ ਪਿੰਡ ਕੋਟਬੁੱਢਾ ਨਜ਼ਦੀਕ ਭਓਵਾਲ ਸੜਕੀ ਰਸਤੇ ਹਨ ਜਿਸ ਉਪਰ ਪਿਛਲੇ ਦੋ ਦਿਨਾਂ ਤੋਂ ਪੁਲੀਸ ਦੀ ਵੱਡੀ ਨਫ਼ਰੀ ਨੂੰ ਤਇਨਾਤ ਕਰ ਦਿੱਤਾ ਗਿਆ ਸੀ ਪਰ ਅੱਜ ਦੇ ਧਰਨੇ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾ ਦੀ ਪੈ ਗਈ ਹੈ ਕਿਉਕਿ ਦੇਰ ਸ਼ਾਮ ਤੱਕ ਜਥੇਬੰਦੀ ਵੱਲੋਂ ਮੋਦੀ ਦੀ ਰੈਲੀ ਤੱਕ ਸੜਕੀ ਆਵਾਜਾਈ ਨੂੰ ਰੋਕਣ ਲਈ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੋਦੀ ਦੇ ਪੁਤਲੇ ਫ਼ੂਕਣ ਦਾ ਐਲਾਨ
ਜਲੰਧਰ(ਨਿੱਜੀ ਪੱਤਰ ਪ੍ਰੇਰਕ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਭਲ੍ਹਕੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਮੌਕੇ ਸੂਬੇ ਭਰ ’ਚ ਕਸਬਿਆਂ ਤੇ ਪਿੰਡਾਂ ਵਿਚ ਮਨੂੰਵਾਦੀ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਨੇ ਦੱਸਿਆ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ, ਸੀਏਏ, ਐੱਨਆਰਸੀ, ਯੂਏਪੀਏ ਅਤੇ ਅਸਫਪਾ ਆਦਿ ਕਾਲੇ ਕਾਨੂੰਨ ਰੱਦ ਕਰਨ, ਦਲਿਤਾਂ, ਘੱਟ ਗਿਣਤੀਆਂ, ਈਸਾਈ, ਮੁਸਲਮਾਨ ਭਾਈਚਾਰੇ ਤੁਗਲਕਾ ਬਾਗ ਸ੍ਰੀ ਗੁਰੂ ਰਵੀਦਾਸ ਅਸਥਾਨ ਦਿੱਲੀ ਦੀ ਸਾਰੀ ਜ਼ਮੀਨ ਬਿਨਾਂ ਸ਼ਰਤ ਵਾਪਸ ਕਰਨ, ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦੇਣ ਤੇ ਧਾਰਾ 370 ਬਹਾਲ ਕਰਨ, ਰੋਟੀ-ਰੋਜ਼ੀ ਤੇ ਬੁਨਿਆਦੀ ਲੋੜਾਂ ਦਾ ਵਿਕਲਪ ਦੇਣ ਤੋਂ ਬਿਨਾਂ ਹੀ ਕਰੋਨਾ ਦੀਆਂ ਰੋਕਾਂ ਮੜ੍ਹਨ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।