ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 1 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਸਡੀਓ ਨਹਿਰੀ ਅਲੀਵਾਲ ਦੇ ਦਫਤਰ ਅੱਗੇ ਰੋਸ ਧਰਨਾ ਦੇਣ ਤੋਂ ਬਾਅਦ ਨਹਿਰ ’ਚ ਪਾਣੀ ਛੱਡਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿਚ ਕਿਸਾਨ ਆਗੂਆਂ ਨੇ ਰੋਸ ਧਰਨਾ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਲੀਵਾਲ ਤੋਂ ਜੋ ਨਹਿਰ ਉੱਧੋਵਾਲੀ, ਪੱਡੇ ਟਾਹਲੀ ਸਾਹਿਬ ਨੂੰ ਜਾਂਦੀ ਹੈ, ਉਸ ਨਹਿਰ ‘ਚ ਪਾਣੀ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਲਵਾਈ ਲੇਟ ਹੋ ਗਈ ਹੈ ਅਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਵੱਲੋਂ ਨਹਿਰੀ ਵਿਭਾਗ ਅਲੀਵਾਲ ਦੇ ਐੱਸ ਡੀ ਓ ਤੇ ਐਕਸੀਅਨ ਦੇ ਖਿਲਾਫ ਰੋਸ ਧਰਨਾ ਦੇ ਕੇ ਨਾਹਰੇਬਾਜ਼ੀ ਕਰਦਿਆਂ ਨਹਿਰ ’ਚ ਪਾਣੀ ਛੱਡਣ ਦੀ ਮੰਗ ਕੀਤੀ ਤਾਂ ਐੱਸਡੀਓ ਨਹਿਰੀ ਜੋ ਪਹਿਲਾਂ ਦਫਤਰ ’ਚੋਂ ਗੈਰਹਾਜ਼ਰ ਸੀ, ਫਿਰ ਉਸ ਨੇ ਕੁਝ ਦੇਰ ਬਾਅਦ ਧਰਨੇ ਵਿੱਚ ਆ ਕੇ ਨਹਿਰ ’ਚ ਪਾਣੀ ਛੱਡੇ ਜਾਣ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਕਿਸਾਨਾਂ ਨੇ ਜੇਤੂ ਰੈਲੀ ਕਰਕੇ ਧਰਨਾ ਸਮਾਪਤ ਕੀਤਾ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ, ਗੁਰਬਚਨ ਸਿੰਘ ਖੋਦੇ ਬੇਟ, ਦਲਜੀਤ ਸਿੰਘ ਗਿੱਲਾਂਵਾਲੀ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਕੇਵਲ ਸਿਘ, ਨਿਰਮਲ ਸਿੰਘ ਤੇ ਜਰਨੈਲ ਸਿੰਘ ਹਾਜ਼ਰ ਸਨ।