ਪੱਤਰ ਪ੍ਰੇਰਕ
ਮਜੀਠਾ, 27 ਜੂਨ
ਕਿਸਾਨਾਂ ਤੇ ਗੁੱਜਰਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਬੇ ਕਸੂਰ ਕਿਸਾਨਾਂ ਨੂੰ ਪਰਚੇ ਵਿੱਚੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਡੀਐੱਸਪੀ ਮਜੀਠਾ ਦੇ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਰਾਜ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਘੇਰਨ ਦਾ ਫੈਸਲਾ ਕੀਤਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 41 ਦਿਨਾਂ ਤੋਂ ਕਹਿਰ ਦੀ ਗਰਮੀ ਵਿੱਚ ਇਨਸਾਫ ਲਈ ਧਰਨਾ ਲਾਈ ਬੈਠੇ ਕਿਸਾਨਾਂ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਹੈ ਅਤੇ ਹੁਣ ਕਿਸਾਨਾਂ ਨੇ ਆਰ ਜਾਂ ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਧਰਨੇ ਨੂੰ ਸੰਬੋਧਨ ਕਰਦੇ ਕੰਵਰਦਲੀਪ ਸੈਦੋਲੇਹਲ, ਗੁਰਭੇਜ ਸਿੰਘ ਭੀਲੋਵਾਲ, ਦਿਲਬਾਗ ਸਿੰਘ ਰਸੂਲਪੁਰ ਨੇ ਕਿਹਾ ਕਿ ਧਰਨੇ ਵੱਲ ਸਰਕਾਰ ਵੱਲੋਂ ਤਵੱਜੋ ਨਾ ਦੇਣਾ ਮਾਨ ਸਰਕਾਰ ਦੀ ਨਸ਼ਾ ਮੁਕਤੀ ਨੂੰ ਲੈ ਕੇ ਕੀਤੀ ਜਾ ਲਾਪ੍ਰਵਾਹੀ ਜਾ ਸਬੂਤ ਹੈ। ਉਨ੍ਹਾਂ ਕੋਟਲਾ ਸੁਲਤਾਨ ਸਿੰਘ ਵਾਲੇ ਕੇਸ ਤੇ ਅਨੈਤਪੁਰ ਵਾਲੇ ਕੇਸ ਵਿੱਚ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।