ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਜੂਨ
ਕਰੋਨਾ ਮਹਾਮਾਰੀ ਕਾਰਨ ਝੋਨਾ ਲਗਾਉਣ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੇ ਮਸ਼ੀਨਾਂ ਨਾਲ ਝੋਨਾ ਲਗਾਉਣ ਦੀ ਤਿਆਰੀ ਖਿੱਚ ਲਈ ਹੈ। ਬਹੁਤ ਸਾਰੇ ਵੱਡੇ ਕਿਸਾਨ, ਜਿਨ੍ਹਾਂ ਨੇ ਨਵੀਆਂ ਮਸ਼ੀਨਾਂ ਖਰੀਦੀਆਂ ਹਨ, ਉਨ੍ਹਾਂ ਕੋਲ ਛੋਟੇ ਕਿਸਾਨਾਂ ਨੇ ਪਹੁੰਚ ਕਰ ਕੇ ਆਪਣਾ ਝੋਨਾ ਲਗਾਉਣ ਦੀ ਬੁਕਿੰਗ ਕਰਵਾ ਲਈ ਹੈ।
ਲੌਕਡਾਊਨ ਕਾਰਨ ਅਪਰੈਲ ਤੇ ਮਈ ਮਹੀਨਿਆਂ ਵਿਚ ਪਰਵਾਸੀ ਮਜ਼ਦੂਰ ਵੱਡੀ ਗਿਣਤੀ ’ਚ ਆਪਣੇ ਸੂਬਿਆਂ ਨੂੰ ਪਰਤ ਗਏ ਸਨ। ਲੇਬਰ ਦੀ ਘਾਟ ਕਾਰਨ ਕਿਸਾਨਾਂ ਨੇ ਜਿੱਥੇ ਪਹਿਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ, ਉੱਥੇ ਹੀ ਮਸ਼ੀਨਾਂ ਨਾਲ ਝੋਨਾ ਲਗਾਉਣ ਲਈ ਮਹਿੰਗੇ ਭਾਅ ਦੀਆਂ ਮਸ਼ੀਨਾਂ ਵੀ ਖਰੀਦੀਆਂ ਹਨ। ਦੋ ਤਰ੍ਹਾਂ ਦੀਆਂ ਮਸ਼ੀਨਾਂ ਮਾਰਕੀਟ ਵਿਚ ਉਪਲੱਬਧ ਹਨ, ਜਿਹੜੀਆਂ ਝੋਨੇ ਦੀ ਬਿਜਾਈ ਲਈ ਵਰਤੀਆਂ ਜਾ ਰਹੀਆਂ ਹਨ। ਇਕ ਮਸ਼ੀਨ ਦੀ ਕੀਮਤ 10 ਤੋਂ 12 ਲੱਖ ਦੇ ਕਰੀਬ ਹੈ ਜਦਕਿ ਦੂਜੀ ਮਸ਼ੀਨ ਦੀ ਕੀਮਤ 4 ਤੋਂ 7 ਰੁਪਏ ਲੱਖ ਦੇ ਕਰੀਬ ਹੈ। ਮਹਿੰਗੇ ਭਾਅ ਵਾਲੀਆਂ ਮਸ਼ੀਨਾਂ ਤਿੰਨ-ਤਿੰਨ, ਚਾਰ-ਚਾਰ ਕਿਸਾਨਾਂ ਨੇ ਰਲ ਕੇ ਵੀ ਲਈਆਂ ਹਨ ਤਾਂ ਜੋ ਆਰਥਿਕ ਬੋਝ ਵੰਡਿਆ ਜਾ ਸਕੇ। ਕਈ ਵੱਡੇ ਕਿਸਾਨਾਂ ਨੇ ਮਹਿੰਗੀਆਂ ਮਸ਼ੀਨਾਂ ਖਰੀਦ ਲਈਆਂ ਹਨ।
ਖੇਤੀਬਾੜੀ ਅਫ਼ਸਰ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨਾ ਲਾਊਣ ਵਾਲੀਆਂ ਮਸ਼ੀਨਾਂ ਸਬਸਿਡੀ ’ਤੇ ਲੈਣ ਲਈ 100 ਤੋਂ ਵੱਧ ਕਿਸਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ। ਇਨ੍ਹਾਂ ਮਸ਼ੀਨਾਂ ’ਤੇ 40 ਫ਼ੀਸਦੀ ਸਬਸਿਡੀ ਮਿਲਦੀ ਹੈ। ਸਰਕਾਰ ਵੱਲੋਂ ਅੱਧਿਓਂ ਵੱਧ ਮਸ਼ੀਨਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
ਮਸ਼ੀਨਾਂ ਰਾਹੀਂ ਝੋਨਾ ਲਾਊਣ ਲਈ ਹਜ਼ਾਰਾਂ ਏਕੜ ਦੀ ਬੁਕਿੰਗ ਹੋਈ
ਮਸ਼ੀਨਾਂ ਰਾਹੀਂ ਝੋਨਾ ਲਗਾਉਣ ਦਾ ਪ੍ਰਤੀ ਏਕੜ ਭਾਅ 6000 ਦੇ ਕਰੀਬ ਦੱਸਿਆ ਜਾਂਦਾ ਹੈ। ਜ਼ਿਲ੍ਹੇ ਦੇ ਪਿੰਡ ਦੋਲੀਕੇ ਦੂਹੜੇ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਛੋਟੇ ਕਿਸਾਨਾਂ ਦਾ ਝੋਨਾ ਲਗਾਉਣ ਲਈ ਉਸ ਕੋਲ ਇਕ ਹਜ਼ਾਰ ਏਕੜ ਤੋਂ ਵੱਧ ਦੀ ਬੁਕਿੰਗ ਹੋ ਚੁੱਕੀ ਹੈ। ਚੱਕਚੇਲਾ ਦੇ ਕਿਸਾਨ ਤੇਗਾ ਨੇ ਕਿਹਾ ਕਿ ਉਸ ਨੇ 12 ਲੱਖ ਦੇ ਕਰੀਬ ਦੀ ਮਸ਼ੀਨ ਲਿਆਂਦੀ ਹੈ। ਖੇਤੀਬਾੜੀ ਕਰਨ ਦਾ ਯੁੱਗ ਤੇਜ਼ੀ ਨਾਲ ਬਦਲ ਰਿਹਾ ਹੈ। ਇਸੇ ਤਰ੍ਹਾਂ ਦਿਆਲਪੁਰ ਦੇ ਕਿਸਾਨ ਨੇ ਦੱਸਿਆ ਕਿ ਉਸ ਕੋਲ 700 ਏਕੜ ਤਕ ਝੋਨਾ ਲਗਾਉਣ ਲਈ ਮਸ਼ੀਨ ਦੀ ਬੁਕਿੰਗ ਹੋ ਚੁੱਕੀ ਹੈ। ਚਲਾਂਗ ਪਿੰਡ ਦੇ ਗੁਰਨਾਮ ਸਿੰਘ ਤੇ ਉਦੋਕੇ ਪਿੰਡ ਦੇ ਤਰਲੋਚਨ ਸਿੰਘ ਨੇ ਵੀ ਕਿਹਾ ਕਿ ਕਰੋਨਾ ਮਗਰੋਂ ਝੋਨਾ ਲਗਾਉਣ ਦੀ ਮਿਲੀ ਚੁਣੌਤੀ ਆਪਣੇ ਆਪ ਵਿਚ ਨਵੀਂ ਤਰ੍ਹਾਂ ਦਾ ਤਜਰਬਾ ਹੈ।