ਪੱਤਰ ਪ੍ਰੇਰਕ
ਤਰਨ ਤਾਰਨ, 7 ਜਨਵਰੀ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 8 ਜਨਵਰੀ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੂਬੇ ਦੀ ਹਾਕਮ ਧਿਰ ਦੇ ਸੂਬਾ ਪ੍ਰਧਾਨ, ਮੰਤਰੀਆਂ-ਵਿਧਾਇਕਾਂ ਆਦਿ ਦੀਆਂ ਰਿਹਾਇਸ਼ਾਂ ਦੇ ਕੀਤੇ ਜਾਣ ਵਾਲੇ ਘਿਰਾਉ ਲਗਾਤਾਰ ਹੋ ਰਹੀ ਬਾਰਸ਼ ਕਰਕੇ ਮੁਲਤਵੀ ਕਰਕੇ 11 ਜਨਵਰੀ ਨੂੰ ਕੀਤੇ ਜਾਣਗੇ| ਇਹ ਨਿਰਣਾ ਜਥੇਬੰਦੀ ਦੀ ਕੋਰ ਕਮੇਟੀ ਦੀ ਅੱਜ ਇਥੇ ਕੀਤੀ ਇਕ ਮੀਟਿੰਗ ਵਿੱਚ ਲਿਆ ਗਿਆ| ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕੀਤੀ ਜਦਕਿ ਮੀਟਿੰਗ ਵਿੱਚ ਕੋਰ ਕਮੇਟੀ ਮੈਂਬਰ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਰਣਜੀਤ ਸਿੰਘ ਕਲੇਰਬਾਲਾ, ਸਤਨਾਮ ਸਿੰਘ ਮਾਨੋਚਾਹਲ ਆਦਿ ਹਾਜ਼ਰ ਹੋਏ| ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ 11 ਜਨਵਰੀ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਮੰਤਰੀਆਂ ਵਿਧਾਇਕਾਂ ਦੇ ਘਰਾਂ ਦੇ ਘਿਰਾਉ ਕਰਕੇ ਮੰਨੀਆਂ ਮੰਗਾਂ ਲਾਗੂ ਕੀਤੇ ਜਾਣ ਤੇ ਜੋਰ ਦਿੱਤਾ ਜਾਵੇਗਾ|
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਸਰਪ੍ਰਸਤ ਅਵਤਾਰ ਸਿੰਘ ਭੀਖੋਵਾਲ, ਚੇਅਰਮੈਨ ਭੁਪਿੰਦਰ ਸੰਘ ਘੁੰਮਣ, ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ, ਸਕੱਤਰ ਜਨਰਲ ਹਰਵਿੰਦਰ ਸਿੰਘ ਸੰਧੂ, ਕੁਲਵੰਤ ਸਿੰਘ ਬਾਠ, ਗੁਰਜੀਤ ਸਿੰਘ ਨੀਲਾ ਨਲੋਆ ਆਦਿ ਨੇ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਦੀ ਅਸਫ਼ਲਤਾ ਨੂੰ ਛੁਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਨੂੰ ਆਪਣੀ ਜਾਨ ਦੇ ਖਤਰੇ ਨਾਲ ਜੋੜਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।