ਦਲੇਰ ਸਿੰਘ ਚੀਮਾ
ਭੁਲੱਥ, 21 ਅਪਰੈਲ
ਸਬ-ਡਿਵੀਜ਼ਨ ਭੁਲੱਥ ਅਧੀਨ ਪੈਂਦੀਆਂ ਅੱਠ ਮੰਡੀਆਂ ਵਿੱਚ ਕੁਦਰਤ ਦੀ ਬੇਮੌਸਮੀ ਬਰਸਾਤ ਦਾ ਕਹਿਰ ਝੱਲ ਰਹੇ ਕਿਸਾਨ ਪੰਜਾਬ ਸਰਕਾਰ ਵੱਲੋਂ ਵੇਲੇ ਸਿਰ ਬਾਰਦਾਨੇ ਦਾ ਪ੍ਰਬੰਧ ਨਾ ਕਰਨ ਤੋਂ ਖਫ਼ਾ ਹੋ ਕੇ ਤੇ ਆਪਣੀ ਰੁਲ ਰਹੀ ਫਸਲ ਨੂੰ ਦੇਖ ਕੇ ਸੜਕਾਂ ’ਤੇ ਉਤਰ ਆਏ ਹਨ।
ਇਸ ਸਬੰਧ ਭੁਲੱਥ ਦੇ ਕਚਹਿਰੀ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਨਡਾਲਾ ਵਿਚ ਬੇਗੋਵਾਲ ਸੜਕ ’ਤੇ ਮੰਡੀ ਦੇ ਬਾਹਰ ਹਰਜਿੰਦਰ ਸਿੰਘ ਸਾਹੀ, ਜਗਤਾਰ ਸਿੰਘ ਪੱਡਾ, ਬੇਗੋਵਾਲ ਵਿੱਚ ਸਤਿਗੁਰ ਚੌਕ ਵਿੱਚ ਸੂਰਤ ਸਿੰਘ ਤੇ ਹਰਜਗੀਰ ਸਿੰਘ, ਚੌਕ ਬਜਾਜ ਵਿੱਚ ਸਤਨਾਮ ਸਿੰਘ ਤੇ ਰਮਨਦੀਪ ਸਿੰਘ ਚੀਮਾ, ਇਬਰਾਹੀਮਵਾਲ ਵਿੱਚ ਅਮਰੀਕ ਸਿੰਘ ਸਰਪੰਚ ਰਾਵਾਂ ਅਤੇ ਖੱਸਣ ਤੋਂ ਅੰਗਰੇਜ਼ ਸਿੰਘ ਕੰਗ ਅਤੇ ਰਾਮਗੜ੍ਹ ਵਿਚ ਕਿਸਾਨ ਆਗੂਆਂ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਭੁਲੱਥ ਤੇ ਨਡਾਲਾ ਵਿੱਚ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਦੱਸਿਆ ਕਿ ਇਲਾਕੇ ਦੇ ਕਿਸਾਨ ਪਿਛਲੇ ਛੇ-ਸੱਤ ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹੋਏ ਹਨ ਪਰ ਬਾਰਦਾਨੇ ਦੀ ਘਾਟ ਕਾਰਨ ਖ਼ਰੀਦ ਨਹੀਂ ਹੋ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਵੱਲੋਂ ਛੇਤੀ ਬਾਰਦਾਨੇ ਦੇ ਇੰਤਜ਼ਾਮ ਨਾ ਕੀਤਾ ਗਿਆ ਤਾਂ ਸਾਰੀਆਂ ਅਹਿਮ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ।
ਉਧਰ, ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਹਲਕੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤੇ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ। ਹਲਕਾ ਭੁਲੱਥ ਵਿੱਚ ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਲਗਾਏ ਧਰਨੇ ਸਬੰਧੀ ਬੋਲਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਹੱਡ ਤੋੜਵੀਂ ਮਿਹਨਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਆਪਣੀਆਂ ਪੱਕੀਆਂ ਫ਼ਸਲਾਂ ਨੂੰ ਵੇਚਣ ਵਾਸਤੇ ਧਰਨੇ ਲਗਾਉਣੇ ਪੈ ਰਹੇ ਹਨ।
ਡੇਰਾ ਬਾਬਾ ਨਾਨਕ (ਦਲਬੀਰ ਸੱਖੋਵਾਲੀਆ): ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਖ਼ੁਦ ਨੂੰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਅਤੇ ਵਾਅਦੇ ਤਾਂ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਮੰਡੀਆਂ ਵਿੱਚ ਬਾਰਦਾਨੇ ਦੀ ਵੱਡੀ ਘਾਟ ਦੇ ਨਾਲ ਜਿਣਸ ਦੀ ਅਦਾਇਗੀ ਦੇ ਪੁਖਤਾ ਪ੍ਰਬੰਧ ਤੱਕ ਨਹੀਂ। ਪਾਰਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਅੰਨਦਾਤਾ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਫਾਕੇ ਕੱਟਣ ਨੂੰ ਮਜਬੂਰ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਦਾ ਕੈਪਟਨ ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ।
ਮੁਕੇਰੀਆਂ (ਜਗਜੀਤ ਸਿੰਘ): ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਮੰਡੀਆਂ ਦੇ ਸੁਚਾਰੂ ਪ੍ਰਬੰਧ ਬਾਰੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਾਅਵਿਆਂ ਦੀ ਅਸਲੀਅਤ ਦਿਖਾਉਣ ਲਈ ਇਲਾਕੇ ਦੀਆਂ ਮੰਡੀਆਂ ਦੇ ਦੌਰੇ ਸ਼ੁਰੂ ਕਰ ਦਿੱਤੇ ਹਨ। ਅੱਜ ਪਾਰਟੀ ਦੇ ਟ੍ਰੇਡ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਮੁਕੇਰੀਆਂ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ, ਆੜ੍ਹਤੀਆਂ ਅਤੇ ਪੱਲੇਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।
ਇਸ ਮੌਕੇ ਪ੍ਰੋ. ਮੁਲਤਾਨੀ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮਨਸੂਰਪੁਰ, ਪੰਜਢੇਰਾਂ ਅਤੇ ਲਮੀਨ ਪੰਡੋਰੀ ਸਮੇਤ ਹਲਕੇ ਦੀਆਂ ਹੋਰ ਕਈ ਮੰਡੀਆਂ ਵਿੱਚ ਜਾ ਕੇ ਦੇਖਿਆ ਕਿ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਵਿੱਚ ਦਾਣਿਆਂ ਦੇ ਅੰਬਾਰ ਲੱਗੇ ਹੋਏ ਹਨ। ਚੁਕਾਈ ਨਾ ਹੋਣ ਕਾਰਨ ਕਣਕ ਦੀਆਂ ਭਰੀਆਂ ਬੋਰੀਆਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮੰਡੀਆਂ ਵਿੱਚ ਪਈਆਂ ਹਨ। ਬਾਰਦਾਨੇ ਦੀ ਭਾਰੀ ਕਮੀ ਦੇ ਚਲਦਿਆਂ ਦਾਣਿਆਂ ਦੀ ਭਰਾਈ ਨਹੀਂ ਹੋ ਰਹੀ। ਇਸ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਸਰਕਾਰ ਵਲੋਂ ਆੜ੍ਹਤੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਰਾਣਾ ਬਾਰਦਾਨਾ ਆਪਣੇ ਪੱਧਰ ’ਤੇ ਖ਼ਰੀਦ ਕੇ ਭਰਾਈ ਕੀਤੀ ਜਾਵੇ। ਉਨ੍ਹਾਂ ਖ਼ੁਰਾਕ ਮੰਤਰੀ ਨੂੰ ਅਪੀਲ ਕੀਤੀ ਕਿ ਦਫ਼ਤਰਾਂ ਵਿੱਚ ਬੈਠ ਕੇ ਦਾਅਵੇ ਕਰਨ ਦੀ ਥਾਂ ਅਸਲੀਅਤ ਲਈ ਮੰਡੀਆਂ ਦਾ ਦੌਰਾ ਕਰਨ।
ਫਿਲੌਰ (ਸਰਬਜੀਤ ਸਿੰਘ ਗਿੱਲ): ਆਮ ਆਦਮੀ ਪਾਰਟੀ ਫਿਲੌਰ ਦੇ ਵਫ਼ਦ ਨੇ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ। ਰਜਿੰਦਰ ਸੰਧੂ ਦੀ ਅਗਵਾਈ ’ਚ ਇਕੱਠੇ ਹੋਏ ਕਾਰਕੁਨਾਂ ਨੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ। ਆਗੂਆਂ ਨੇ ਦੱਸਿਆ ਕਿ ਬਾਰਦਾਨੇ ਦੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਪਾਲਾਂ ਦੀ ਘਾਟ ਅਤੇ ਸ਼ੈੱਡਾਂ ਦਾ ਨਾ ਹੋਣਾ ਵੀ ਕਿਸਾਨਾਂ ਅਤੇ ਫ਼ਸਲਾਂ ਲਈ ਮੁਸ਼ਕਲਾਂ ਦਾ ਸਬੱਬ ਬਣਿਆ।
ਦੂਜੇ ਸੂਬਿਆਂ ਤੋਂ ਕਣਕ ਦੀ ਆਮਦ ’ਤੇ ਸਖ਼ਤੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਗ਼ੈਰ-ਕਾਨੂੰਨੀ ਢੋਆ-ਢੁਆਈ ਰੋਕਣ ਲਈ 11 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਇਸ ਗੱਲ ਨੂੰ ਯਕੀਨੀ ਬਣਾ ਰਹੀਆਂ ਨੇ ਕਿ ੳਨ੍ਹਾਂ ਨੂੰ ਅਲਾਟ ਕੀਤੇ ਇਲਾਕਿਆਂ ਵਿੱਚ ਕੋਈ ਗ਼ੈਰ-ਕਾਨੂੰਨੀ ਢੋਆ-ਢੋਆਈ ਤਾਂ ਨਹੀਂ ਹੋ ਰਹੀ। ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਦੱਸਿਆ ਕਿ ਹਾੜ੍ਹੀ ਸੀਜ਼ਨ 2021 ਦੌਰਾਨ ਕਣਕ ਦੀ ਖ਼ਰੀਦ ਲਈ ਐਲਾਨੀਆਂ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਤੋਂ ਘੱਟ ਕੀਮਤ ’ਤੇ ਕਣਕ ਖ਼ਰੀਦ ਕੇ ਇੱਥੇ ਐਮ.ਐਸ.ਪੀ. ’ਤੇ ਵੇਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਹ ਚੌਕਸੀ ਵਰਤੀ ਜਾ ਰਹੀ ਹੈ। ਜ਼ਿਲ੍ਹਾ ਕੰਟਰੋਲਰ, ਸਿਵਲ ਸਪਲਾਈ ਖ਼ੁਰਾਕ ਅਤੇ ਖ਼ਪਤਕਾਰ ਮਾਮਲੇ ਜਲੰਧਰ ਨਾਲ ਮਿਲ ਕੇ ਸਿਵਲ ਸਪਲਾਈ ਵਿਭਾਗ ਅਤੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀ ਅਧਿਕਾਰੀ/ਕਰਮਚਾਰੀ ਦੀਆਂ ਗਠਿਤ ਸਾਂਝੀਆਂ ਟੀਮਾਂ ਅਲਾਟ ਕੀਤੇ ਮੰਡੀਆਂ ਦੇ ਏਰੀਏ ਵਿੱਚ ਰੋਜ਼ਾਨਾ ਚੈਕਿੰਗ ਕਰਦੀਆਂ ਹਨ।