ਨਰਿੰਦਰ ਸਿੰਘ
ਭਿੱਖੀਵਿੰਡ, 10 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰ ਕੇ ਚੌਵੀ ਘੰਟਿਆਂ ਵਿੱਚ ਅਦਾਇਗੀ ਕਰਨ ਦੇ ਹੁਕਮ ਦਿੱਤੇ ਸਨ, ਪਰ ਹੇਠਲੇ ਪੱਧਰ ‘ਤੇ ਮੰਡੀਆਂ ਵਿੱਚ ਅਜੇ ਤੱਕ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਈ। ਕਿਸਾਨ ਮੰਡੀਆਂ ਵਿਚ ਆਪਣੀ ਫ਼ਸਲ ਦੀ ਰਾਖੀ ਲਈ ਮਜਬੂਰ ਹਨ। ਇਸ ਸਬੰਧੀ ਦਾਣਾ ਮੰਡੀ ਭਿੱਖੀਵਿੰਡ ਵਿਚ ਕਣਕ ਦੀ ਰਾਖੀ ਬੈਠੇ ਬਗੀਚਾ ਸਿੰਘ, ਹਰਵਿੰਦਰ ਸਿੰਘ ਦਿਆਲਪੁਰਾ, ਦਿਲਬਾਗ ਸਿੰਘ ਦਰਾਜਕੇ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹ ਦਾਣਾ ਮੰਡੀ ਵਿੱਚ ਪਿਛਲੇ 2-3 ਦਿਨ ਤੋਂ ਕਣਕ ਵੇਚਣ ਲਈ ਆਪਣੀਆਂ ਢੇਰੀਆਂ ਦੀ ਰਾਖੀ ਬੈਠੇ ਹਨ, ਪਰ ਅਜੇ ਤੱਕ ਕੋਈ ਅਧਿਕਾਰੀ ਉਨ੍ਹਾਂ ਦੀ ਕਣਕ ਵੇਖਣ ਤੱਕ ਨਹੀਂ ਆਇਆ ਅਤੇ ਨਾ ਹੀ ਬਾਰਦਾਨਾ ਮਿਲਿਆ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪਾਣੀ ਤੇ ਬਿਜਲੀ ਦੀ ਕੋਈ ਸਹੂਲਤ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਖਰੀਦ ਛੇਤੀ ਸ਼ੁਰੂ ਕਰਵਾ ਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਭਿੱਖੀਵਿੰਡ ਦੇ ਸੈਕਟਰੀ ਨੇ ਕਿਹਾ ਕਿ ਇਕ ਦੋ ਦਿਨ ਤੱਕ ਕਣਕ ਦੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ।