ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾਇਆ

ਪਰਾਲੀ ਫੁੂਕਣ ਤੋਂ ਰੋਕਣ ’ਤੇ ਰੋਸ ਵਿੱਚ ਆਏ ਕਿਸਾਨ; ਅੱਗੋਂ ਵੀ ਅਧਿਕਾਰੀਆਂ ਦੇ ਘਿਰਾਓ ਦੀ ਦਿੱਤੀ ਚੇਤਾਵਨੀ

ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾਇਆ

ਬਾਗੜੀਆਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘੇਰੀ ਖੜ੍ਹੇ ਕਿਸਾਨ ਆਗੂ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਅਕਤੂਬਰ
ਬਲਾਕ ਕਾਹਨੂੰਵਾਨ ਦੇ ਪਿੰਡ ਨਵੀਆਂ ਬਾਗੜੀਆਂ ਵਿਚ ਪਰਾਲੀ ਨੂੰ ਲੱਗੀ ਅੱਗ ਦੇਖ ਕੇ ਮੌਕੇ ’ਤੇ ਪੁੱਜੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਕਿਸਾਨ ਯੂਨੀਅਨ ਨੇ ਬੰਦੀ ਬਣਾ ਲਿਆ। ਟੀਮ ਵਿੱਚ ਜੇ ਈ ਗੁਰਮੀਤ ਸਿੰਘ, ਪੰਚਾਇਤ ਸਕੱਤਰ ਹਰੀ ਸਿੰਘ, ਸਕੱਤਰ ਗੱਜਣ ਸਿੰਘ ਅਤੇ ਪਟਵਾਰੀ ਇੰਦਰਜੀਤ ਸਿੰਘ ਸ਼ਾਮਲ ਸਨ। ਕਿਸਾਨ ਆਗੂ ਸੋਹਣ ਸਿੰਘ ਗਿੱਲ ਅਤੇ ਜਸਬੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਜਦੋਂ ਪਿੰਡ ਨਵੀਆਂ ਬਾਗੜੀਆਂ ਵਿਚ ਪੁੱਜੀ ਤਾਂ ਇਸ ਦੀ ਭਿਣਕ ਊਨ੍ਹਾਂ ਨੂੰ ਮਿਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ। ਕਿਸਾਨ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਾਰਵਾਈ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਕੋਲੋਂ ਪਰਾਲੀ ਤੇ ਫੂਸ ਦੀ ਸੰਭਾਲ ਲਈ ਬਣਦੀ ਰਕਮ ਲੈ ਕੇ ਦੇਣ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਥੇਬੰਦੀ ਵਿਚਾਲੇ ਲੰਮਾਂ ਸਮਾਂ ਕਸ਼ਮਕਸ਼ ਚਲਦੀ ਰਹੀ। ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦੇ ਕੇ ਆਪਣੀ ਬੰਦ ਖ਼ਲਾਸੀ ਕਰਵਾਈ।

ਸੋਹਣ ਸਿੰਘ ਗਿੱਲ ਅਤੇ ਜਸਬੀਰ ਸਿੰਘ ਗੁਰਾਇਆ ਨੇ ਕਿਹਾ ਕਿ ਜੋ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇਗਾ, ਜਥੇਬੰਦੀ ਇਸੇ ਤਰ੍ਹਾਂ ਅਧਿਕਾਰੀਆਂ ਦਾ ਘਿਰਾਓ ਕਰਦੀ ਰਹੇਗੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਅਧਿਕਾਰੀ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲੀ ਸੂਚਨਾ ਉੱਤੇ ਮੌਕੇ ਉੱਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਲਈ ਪ੍ਰੇਰਿਤ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All