ਪੱਤਰ ਪ੍ਰੇਰਕ
ਤਰਨ ਤਾਰਨ, 24 ਜੂਨ
ਇੱਥੋਂ ਦੀ ਦਾਣਾ ਮੰਡੀ ਵਿੱਚ ਪਿੰਡ ਪਲਾਸੌਰ ਤੋਂ ਮੂੰਗੀ ਦੀ ਫ਼ਸਲ ਲੈ ਕੇ ਆਏ ਕਿਸਾਨ ਤਰਸੇਮ ਸਿੰਘ ਦੇ ਉਸ ਵੇਲੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਮੰਡੀ ਦੇ ਏਜੰਟਾਂ ਨੇ ਮੂੰਗੀ ਦੀ ਬੋਲੀ 5900 ਰੁਪਏ ਪ੍ਰਤੀ ਕਇੰਟਲ ’ਤੇ ਬੰਦ ਕਰ ਦਿੱਤੀ| ਚਾਰ ਏਕੜ ਜ਼ਮੀਨ ਦੇ ਮਾਲਕ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੂੰਗੀ ’ਤੇ ਐੱਮਐੱਸਪੀ 7275 ਰੁਪਏ ਪ੍ਰਤੀ ਕੁਇੰਟਲ ਦੇ ਐਲਾਨ ਮਗਰੋਂ ਉਸ ਨੇ ਖੇਤਾਂ ਵਿੱਚ ਮੂੰਗੀ ਬੀਜ ਦਿੱਤੀ ਸੀ| ਉਹ ਕਿਹਾ ਕਿ ਇਕ ਕੁਇੰਟਲ ਪਿੱਛੇ 1375 ਰੁਪਏ ਦਾ ਘਾਟਾ ਬਰਦਾਸ਼ਤ ਤੋਂ ਬਾਹਰ ਹੈ| ਜਾਣਕਾਰੀ ਮੁਤਾਬਿਕ ਮੰਡੀ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਲਈ ਬਣਾਈ ਨੋਡਲ ਏਜੰਸੀ ਮਾਰਕਫੈੱਡ ਦਾ ਕੋਈ ਅਧਿਕਾਰੀ ਦਿਖਾਹੀ ਨਹੀਂ ਦਿੱਤਾ| ਇਸ ਸਬੰਧੀ ਤਰਨ ਤਾਰਨ ਦੀ ਮਾਰਕੀਟ ਕਮੇਟੀ ਦੇ ਸਕੱਤਰ ਆਰ. ਕੇ. ਭਾਟੀਆ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੰਡੀ ਵਿੱਚ ਪ੍ਰਾਈਵੇਟ ਫਰਮਾਂ ਨੇ 5900 ਰੁਪਏ ਤੋਂ ਲੈ ਕੇ 6500 ਰੁਪਏ ਦਰਮਿਆਨ ਮੂੰਗੀ ਦੀ ਖਰੀਦ ਕੀਤੀ ਹੈ| ਉਨ੍ਹਾਂ ਮਾਰਕਫੈੱਡ ਏਜੰਸੀ ਵਲੋਂ ਖਰੀਦੀ ਮੂੰਗੀ ਦੀ ਮਾਤਰਾ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਦਫ਼ਤਰ ਦਾ ਕੰਪਿਊਟਰ ਖਰਾਬ ਹੋਣ ਕਰਕੇ ਉਹ ਇਹ ਜਾਣਕਾਰੀ ਨਹੀਂ ਦੇ ਸਕਦਾ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਮੰਡੀਆਂ ਵਿੱਚ ਸਰਕਾਰ ਦੇ ਇਸ਼ਾਰਿਆਂ ’ਤੇ ਮੂੰਗੀ ਉਤਪਾਦਕਾਂ ਦੀ ਲੁੱਟ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਕਿਸਾਨ ਦੀ 5900 ਰੁਪਏ ਵਿੱਚ ਖਰੀਦ ਕੀਤੀ ਮੂੰਗੀ ਨੂੰ ਸਰਕਾਰ ਨੂੰ 7275 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਣਾ ਹੈ|