ਜਤਿੰਦਰ ਬੈਂਸ
ਗੁਰਦਾਸਪੁਰ, 6 ਦਸੰਬਰ
ਬੇਮੌਸਮੀ ਬਾਰਸ਼ ਕਾਰਨ ਖ਼ਰਾਬ ਹੋਈ ਕਣਕ ਤੇ ਹੋਰ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ ਲਈ ਪੀੜਤ ਕਿਸਾਨਾਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਐੱਸਡੀਐਮ ਦਫ਼ਤਰ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਕਿਹਾ ਕਿ ਹਾੜ੍ਹੀ ਸੀਜ਼ਨ 2018-19 ਦੌਰਾਨ ਬੇਮੌਸਮੀ ਬਰਸਾਤ ਨਾਲ ਤਬਾਹ ਹੋਈਆਂ ਕਣਕਾਂ ਤੇ ਹੋਰ ਫ਼ਸਲਾਂ ਦੇ ਮੁਆਵਜ਼ੇ ਦੀ ਰਕਮ ਪੰਜਾਬ ਸਰਕਾਰ ਤੋਂ ਮਨਜ਼ੂਰ ਹੋ ਕੇ ਐੱਸਡੀਐੱਮ ਗੁਰਦਾਸਪੁਰ ਦੇ ਖਾਤੇ ਵਿੱਚ ਪੈ ਚੁੱਕੀ ਹੈ। ਪਰ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਲੈਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ 6 ਕਰੋੜ 98 ਲੱਖ 63 ਹਜ਼ਾਰ 121 ਰੁਪਏ ਦੀ ਰਕਮ ਦੀ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਅਦਾਇਗੀ ਦੀ ਮੰਗ ਨੂੰ ਲੈ ਕੇ ਅੱਜ ਪੀੜਤ ਕਿਸਾਨਾਂ ਦਾ ਵੱਡਾ ਵਫ਼ਦ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਐਸਡੀਐਮ ਨਾਲ ਮੁਲਾਕਾਤ ਕਰਨ ਲਈ ਆਇਆ ਸੀ। ਪਰ ਉਨ੍ਹਾਂ ਦੇ ਮੌਜੂਦ ਨਾ ਹੋਣ ਕਾਰਨ ਕਿਸਾਨਾਂ ਨੇ ਦਫ਼ਤਰ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਹੈ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਉੱਚਾ ਧਕਾਲਾ, ਚਰਨਜੀਤ ਸਿੰਘ ਲੱਖੋਵਾਲ, ਗਗਨਦੀਪ ਬਾਵਾ, ਮਲਕੀਤ ਸਿੰਘ ਦਾਤਾਰਪੁਰ, ਸੁਖਵੰਤ ਸਿੰਘ ਸਠਿਆਲੀ, ਚਮਨ ਮਸੀਹ, ਸੰਦੀਪ ਸਿੰਘ ਉੱਚਾ ਧਕਾਲਾ, ਮਨਪ੍ਰੀਤ ਭਾਗੋਕਾਵਾਂ ਤੇ ਬਲਬੀਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਕਣਕ ਦਾ ਮੁਆਵਜ਼ਾ ਆਨੇ-ਬਹਾਨੇ ਵੰਡਣ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੁਆਵਜ਼ਾ ਤੁਰੰਤ ਦਿੱਤਾ ਗਿਆ ਤਾਂ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਪੱਖ ਜਾਨਣ ਲਈ ਕੋਸ਼ਿਸ਼ ਦੇ ਬਾਵਜੂਦ ਐਸਡੀਐਮ ਨਾਲ ਸੰਪਰਕ ਨਹੀਂ ਹੋ ਸਕਿਆ।