ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 22 ਦਸੰਬਰ
ਇਥੋਂ ਨਜ਼ਦੀਕੀ ਪਿੰਡ ਦੇਵੀਦਾਸਪੁਰਾ ਵਿਖੇ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਉੱਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤਾ ਧਰਨਾ ਤੀਸਰੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਦੇ ਨਾਲ ਹੀ ਰੇਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਅੱਜ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਅੱਜ ਪੱਕੇ ਮੋਰਚੇ ਦੇ ਤੀਸਰੇ ਦਿਨ ਕਿਸਾਨਾਂ ਨੇ ਸੁਣਵਾਈ ਨਾ ਹੁੰਦੀ ਵੇਖ ਪਹਿਲਾਂ ਚੱਲ ਰਹੇ ਪੱਕੇ ਮੋਰਚੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਦੇ ਨਾਲ ਅੱਜ ਮੋਗਾ ਰੇਲਵੇ ਸਟੇਸ਼ਨ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨ ਉਤੇ ਵੀ ਪੱਕੇ ਮੋਰਚੇ ਸ਼ੁਰੂ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਅੱਜ ਪੱਕੇ ਮੋਰਚਿਆਂ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਕਥਾ, ਕੀਰਤਨ ਕਰਕੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਅਤੇ ਸ਼ਾਮ ਨੂੰ ਕੈਂਡਲ ਮਾਰਚ ਕਰਕੇ ਹੱਕ ਸੱਚ ਲਈ ਲੜਨ ਦਾ ਅਹਿਦ ਲਿਆ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਅੱਜ ਰਈਆ ਰੈਸਟ ਹਾਊਸ ਵਿਖੇ ਜਥੇਬੰਦੀ ਆਗੂਆਂ ਨਾਲ ਆਈਜੀ ਬਾਰਡਰ ਰੇਂਜ, ਡੀਸੀ ਅੰਮ੍ਰਿਤਸਰ ਅਤੇ ਐੱਸਐੱਸਪੀ (ਦਿਹਾਤੀ) ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਦਾ ਕਾਰਨ ਚੰਨੀ ਸਰਕਾਰ ਦਾ ਅੜੀਅਲ ਰਵਈਆ ਰਿਹਾ ਹੈ। ਅੱਜ ਵੀ ਦਿਨ ਭਰ ਰੇਲ ਯਾਤਰੀਆਂ ਭਾਰੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਸਾਨ ਆਗੂਆਂ ਨੇ ਇਸ ਖੱਜਲ ਖ਼ੁਆਰੀ ਲਈ ਚੰਨੀ ਸਰਕਾਰ ਜ਼ਿੰਮੇਵਾਰ ਹੈ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਇਥੇ ਰੇਲਵੇ ਸਟੇਸ਼ਨ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋੋਂ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਦੀ ਪ੍ਰਧਾਨਗੀ ਕੈਪਟਨ ਸ਼ਮਿੰਦਰ ਸਿੰਘ, ਸੁਖਜਿੰਦਰ ਸਿੰਘ, ਝਿਲਮਿਲ ਸਿੰਘ, ਪ੍ਰਿੰਸੀਪਲ ਹਰਵਿੰਦਰ ਸਿੰਘ ਅਤੇ ਅਨੋਖ ਸਿੰਘ ਮੁਲਤਾਨੀ ਨੇ ਕੀਤੀ। ਇਸ ਦੌਰਾਨ ਬੀਤੇ ਦਿਨੀ ਇਸ ਮੋਰਚੇ ’ਚ ਮੌਤ ਦਾ ਸ਼ਿਕਾਰ ਹੋਏ ਬਜ਼ੁਰਗ ਕਿਸਾਨ ਰਤਨ ਸਿੰਘ ਦੇ ਅੰਤਿਮ ਸੰਸਕਾਰ ਲਈ ਕਿਸਾਨ ਜਥੇਬੰਦੀ ਰਾਜ਼ੀ ਹੋ ਗਈ। ਕਿਸਾਨ ਦੀ ਲਾਸ਼ ਨੂੰ ਕਿਸਾਨਾਂ ਨੇ ਫੁੱਲਾਂ ਦੀ ਵਰਖਾ ਵਿੱਚ ਇਨਕਲਾਬੀ ਰਹੁ ਰੀਤਾਂ ਅਨੁਸਾਰ ਨਾਅਰਿਆਂ ਦੀ ਗੂੰਜ ਵਿੱਚ ਉਸ ਦੇ ਪਿੰਡ ਲਾਧੂਭਾਣਾ ਵਿੱਚ ਲਈ ਭੇਜਿਆ। ਧਰਨੇ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਧਾਰਮਿਕ ਦੀਵਾਨ ਸਜਾਇਆ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਸੂਬੇ ਅੰਦਰ ਚਲਾਏ ਰੇਲ ਰੋਕੋ ਅੰਦੋਲਨ ਦੇ ਮੱਦੇ ਨਜ਼ਰ 23 ਦਸੰਬਰ ਨੂੰ ਕਮੇਟੀ ਦੀ ਜ਼ਿਲ੍ਹਾ ਜਲੰਧਰ ਦੀ ਇਕਾਈ ਅੰਮ੍ਰਿਤਸਰ-ਦਿੱਲੀ ਰੇਲ ਉੱਪਰ ਰੇਲਾਂ ਰੋਕੇਗੀ। ਇਹ ਫੈਸਲਾ ਉਨ੍ਹਾਂ ਨੇ ਅੱਜ ਪਿੰਡ ਰੇੜ੍ਹਵਾਂ ਵਿਚ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਦੀ ਪ੍ਰਧਾਨਗੀ ਹੇਠ ਕੀਤੀ
ਕਿਸਾਨ ਧਰਨੇ ’ਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਸਰਕਾਰ ਖਿਲਾਫ਼ ਸ਼ੁਰੂ ਕੀਤੇ ਅੰਦੋਲਨ ਤਹਿਤ ਇਥੋਂ ਦੇ ਰੇਲਵੇ ਸਟੇਸ਼ਨ ਤੇ ਚੱਲਦੇ ਧਰਨੇ ਦੇ ਅੱਜ ਤੀਸਰੇ ਦਿਨ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਕੀਰਤਨ ਪਰਵਾਹ ਚਲਾਇਆ ਗਿਆ| ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨਾਲ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ| ਕਿਸਾਨਾਂ ਸ਼ਹੀਦਾਂ ਦੀ ਰਾਹ ਤੇ ਚੱਲਣ ਦਾ ਪ੍ਰਣ ਲਿਆ| ਕਿਸਾਨ ਆਗੂ ਹਰਜਿੰਦਰ ਸਿੰਘ ਸ਼ਕਰੀ, ਅਜੀਤ ਸਿੰਘ ਚੰਬਾ, ਮੇਹਰ ਸਿੰਘ ਤਲਵੰਡੀ, ਗੁਰਭੇਜ ਸਿੰਘ ਧਾਰੀਵਾਲ, ਸੁਖਦੇਵ ਸਿੰਘ ਦੁੱਬਲੀ ਅਤੇ ਸਤਨਾਮ ਸਿੰਘ ਹਰੀਕੇ ਨੇ ਸੰਬੋਧਨ ਕੀਤਾ| ਧਰਨਾਕਾਰੀਆਂ ਨੂੰ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਸੈਦੋ, ਬਾਬਾ ਬਲਬੀਰ ਸਿੰਘ, ਹਰਿੰਦਰ ਸਿੰਘ ਆਸਲ, ਬਲਵਿੰਦਰ ਸਿੰਘ ਤਲਵੰਡੀ,ਚਾਨਣ ਸਿੰਘ ਬੰਗਲਾ ਰਾਏ ਨੇ ਵੀ ਸੰਬੋਧਨ ਕੀਤਾ|