ਗੁਰਬਖਸ਼ਪੁਰੀ
ਤਰਨ ਤਾਰਨ, 10 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸ਼ੁਰੂ ਕੀਤੇ ‘ਜੇਲ੍ਹ ਭਰੋ’ ਅੰਦੋਲਨ ਦੇ ਅੱਜ ਚੌਥੇ ਦਿਨ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਉਸ ਵੇਲੇ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਜਥੇਬੰਦੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜ਼ੋਰ ਦੇਣ ਵਾਸਤੇ ਕੰਪਲੈਕਸ ਦੇ ਗੇਟ ਅੱਗੇ ਪਹਿਰਾ ਦੇ ਰਹੀ ਪੁਲੀਸ ਨਾਲ ਜ਼ੋਰ ਅਜ਼ਮਾਈ ਕਰ ਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਚਲੇ ਗਏ| ਖਿੱਚ-ਧੂਹ ਵਿੱਚ ਤਿੰਨ ਕਿਸਾਨਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ| ਅਧਿਕਾਰੀ ਦੇ ਦਫਤਰ ਤੱਕ ਜਾ ਕਾ ਜਥੇਬੰਦੀ ਦੇ 51-ਮੈਂਬਰੀ ਜਥੇ ਨੇ ਗ੍ਰਿਫਤਾਰੀਆਂ ਲਈ ਪੇਸ਼ ਕੀਤਾ| ਇਹ ਜਥਾ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਤਿੰਨ ਘੰਟੇ ਨਾਅਰੇਬਾਜ਼ੀ ਕਰਦਾ ਰਿਹਾ ਪਰ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਫਿਰ ਵੀ ਗ੍ਰਿਫਤਾਰ ਨਾ ਕੀਤਾ| ਅੱਜ ਮੋਰਚੇ ਦੀ ਅਗਵਾਈ ਜਵਾਹਰ ਸਿੰਘ ਟਾਂਡਾ, ਲਖਬੀਰ ਸਿੰਘ ਵੈਰੋਬਾਲ ਅਤੇ ਇਕਬਾਲ ਸਿੰਘ ਵਿੜਿੰਗ ਨੇ ਕੀਤੀ| ਇਸ ਦੇ ਨਾਲ ਹੀ ਕੰਪਲੈਕਸ ਦੇ ਬਾਹਰ ਲਗਾਏ ਪੱਕੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ-ਮਜ਼ਦੂਰਾਂ ਦੇ ਇਕੱਠ ਨੂੰ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ, ਸਤਨਾਮ ਸਿੰਘ ਮਾਣੋਚਾਹਲ, ਦਿਆਲ ਸਿੰਘ ਮੀਆਂਵਿੰਡ, ਹਰਭਿੰਦਰ ਸਿੰਘ ਕੰਗ, ਕੁਲਵੰਤ ਸਿੰਘ ਭੈਲ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਤੇ ਸੂਬੇ ਦੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਿਸਾਨ-ਮਜਦੂਰ ਵਿਰੋਧੀ ਕਿਹਾ|
ਗੁਰਦਾਸਪੁਰ (ਜਤਿੰਦਰ ਬੈਂਸ) ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਰਦ ਕਰਨ ਦੀ ਮੰਗ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਦੇ ਉਲੀਕੇ ਪ੍ਰੋਗਰਾਮ ਤਹਿਤ ਗ੍ਰਿਫਤਾਰੀਆਂ ਦੇਣ ਲਈ ਕਿਸਾਨ ਤੇ ਮਜ਼ਦੂਰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਚੌਥੇ ਦਿਨ ਵੀ ਡਟੇ ਰਹੇ। ਇਸ ਮੌਕੇ 21 ਮੈਂਬਰੀ ਜਥੇ ਵੱਲੋਂ ਖੁਦ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਗਿਆ। ਪੁਲੀਸ ਵੱਲੋਂ ਗ੍ਰਿਫਤਾਰ ਨਾ ਕੀਤੇ ਜਾਣ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਮੋਦੀ ਸਰਕਾਰ ਮੁਰਦਾਬਾਦ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਗ੍ਰਿਫਤਾਰੀ ਕਰਨ ਤੋਂ ਭਗੌੜੀ ਹੋ ਗਈ ਹੈ।ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ 11 ਸਤੰਬਰ ਤੋਂ ਸਮੁੱਚੇ ਪੰਜਾਬ ਦੀਆਂ ਜੇਲ੍ਹਾਂ ਸਾਹਮਣੇ ਧਰਨੇ ਲਾਏ ਜਾਣਗੇ। ਕਿਸਾਨ ਆਗੂਆਂ ਨੇ ਖੰਡ ਮਿੱਲਾਂ ਵੱਲ ਗੰਨੇ ਦਾ 681 ਕਰੋੜ ਰੁਪਏ ਦਾ ਬਕਾਇਆ ਵਿਆਜ ਸਮੇਤ ਦੇਣ, ਮਿੱਲਾਂ ਦੀ ਸਮੱਰਥਾ ਵਧਾਉਣ ਅਤੇ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਵਿੱਚ ਦਾ ਇਜਲਾਸ ਸੱਦ ਕੇ ਖੇਤੀ ਮੰਡੀ ਨੂੰ ਤੋੜਨ ਵਾਲੀ ਸੋਧ ਰਦ ਕਰਨ ਦੀ ਮੰਗ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਰੱਦ ਕਰਾਉਣ ਲਈ ਛੇੜਿਆ ਗਿਆ ਜੇਲ੍ਹ ਭਰੋ ਅੰਦੋਲਨ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਧਰਨੇ ’ਤੇ ਬੈਠੇ ਕਿਸਾਨਾਂ ਤੇ ਮਜ਼ਦੂਰਾਂ ਦੇ 11 ਮੈਂਬਰੀ ਜਥੇ ਨੇ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਗੇਟ ਦੇ ਬਾਹਰ ਜਬਰਦਸਤ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਬੇਰੁਖੀ ਭਾਰੀ ਪਵੇਗੀ।
ਅੰਮ੍ਰਿਤਸਰ ਰੈਲੀ ਵਿਚ ਬਾਬਾ ਬਕਾਲਾ ਤੋ ਸੈਂਕੜੇ ਕਿਸਾਨ ਸ਼ਾਮਲ ਹੋਣਗੇ
ਰਈਆ (ਦਵਿੰਦਰ ਸਿੰਘ ਭੰਗੂ) ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 14 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ਜ਼ੋਨ ਪੱਧਰੀ ਰੈਲੀ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਸਾਹਿਬ ਤੋਂ ਸੈਂਕੜੇ ਕਿਸਾਨ ਸ਼ਾਮਲ ਹੋਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਸਵਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ ਸਰਗਰਮ ਮੈਂਬਰਾਂ ਦੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਬਲਦੇਵ ਸਿੰਘ ਸੈਦਪੁਰ ਗੁਰਮੇਜ ਸਿੰਘ ਤਿੰਮੋਵਾਲ ਹਰਪ੍ਰੀਤ ਸਿੰਘ ਬੁਟਾਰੀ ਨੇ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਵੱਡੀ ਕਿਸਾਨ ਲਹਿਰ ਉੱਸਰ ਰਹੀ ਹੈ ਅਤੇ ਕਿਸਾਨਾਂ ਦੇ ਅੰਦੋਲਨ ਦੇ ਸਿੱਟੇ ਵਜੋਂ ਪੰਜਾਬ ਵਿਧਾਨ ਸਭਾ ਵਿਚ ਕੇਂਦਰੀ ਆਰਡੀਨੈਂਸਾਂ ਲਾਗੂ ਨਾ ਕਰਨ ਦਾ ਮਤਾ ਪਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਅਗੇਤੇ ਝੋਨੇ ਦੀ ਫ਼ਸਲ ਮੰਡੀਆਂ ਵਿਚ ਆ ਗਈ ਹੈ ਪਰ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਵਪਾਰੀਆਂ ਵੱਲੋਂ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਬਲਰਾਜ ਸਿੰਘ ਸੁਧਾਰ ਨਿਰਮਲ ਸਿੰਘ ਭਿੰਡਰ ਰਸ਼ਪਾਲ ਸਿੰਘ ਬੁਟਾਰੀ ਬਲਵਿੰਦਰ ਸਿੰਘ ਵਡਾਲਾ ਸਰਦੂਲ ਸਿੰਘ ਵਡਾਲਾ ਸੁਖਵੰਤ ਸਿੰਘ ਨੰਬਰਦਾਰ ਅਜੀਤ ਸਿੰਘ ਕੋਟ ਖਹਿਰਾ ਪਲਵਿੰਦਰ ਸਿੰਘ ਟਾਂਗਰਾ ਅਮਰੀਕ ਸਿੰਘ ਟਾਂਗਰਾ ਆਦਿ ਕਿਸਾਨ ਆਗੂ ਹਾਜ਼ਰ ਸਨ।