ਪੱਤਰ ਪ੍ਰੇਰਕ
ਪੱਟੀ, 29 ਅਗਸਤ
ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਕੇਵਲ ਸਿੰਘ ਮਾੜੀਕੰਬੋਕੇ ਦੀ ਪ੍ਰਧਾਨਗੀ ਹੇਠ ਤਰਨ ਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਅਤੇ ਐੱਸਡੀਐੱਮ ਰਜਨੀਸ਼ ਅਰੋੜਾ ਦੇ ਪੁਤਲੇ ਫੂਕੇ ਗਏ। ਇਸ ਮੌਕੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਚੀਮਾ ਦੇ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੀ ਪੰਜ ਲੱਖ ਰੁਪਏ ਰਾਸ਼ੀ ਦੀ ਮੁਕੰਮਲ ਫਾਈਲ ਐੱਸਡੀਐੱਮ ਤਰਨ ਤਾਰਨ ਦੇ ਕਾਰਨ ਘੁੰਮਣਘੇਰੀ ਵਿੱਚ ਪਈ ਹੋਈ ਹੈ। ਸ਼ਹੀਦ ਦਾ ਪਰਿਵਾਰ ਐੱਸਡੀਐੱਮ ਦਫ਼ਤਰ ਦੇ ਕਈ ਚੱਕਰ ਲਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਸਡੀਐੱਮ ਦਫ਼ਤਰ ਅੱਗੇ ਵੀ ਧਰਨਾ ਦਿੱਤਾ ਗਿਆ ਪਰ ਫਿਰ ਵੀ ਸ਼ਹੀਦ ਕਿਸਾਨ ਦੇ ਪਰਿਵਾਰ ਦੀ ਸੁਣਵਾਈ ਨਹੀਂ ਹੋਈ। ਜਮਹੂਰੀ ਕਿਸਾਨ ਸਭਾ ਤਹਿਸੀਲ ਸੈਕਟਰੀ ਕੇਵਲ ਸਿੰਘ ਮਾੜੀ ਕੰਬੋਕੇ ਨੇ ਕਿਹਾ ਕਿ ਹਲਕਾ ਵਿਧਾਇਕ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਸ਼ਹੀਦ ਦੇ ਪਰਿਵਾਰ ਦੀ ਸਮੇਂ ਸਿਰ ਮਦਦ ਕੀਤੀ ਜਾਂਦੀ ਪਰ ਉਹ ਪੀੜਤ ਪਰਿਵਾਰ ਨੂੰ ਖੱਜਲ ਕਰਨ ਵਾਲੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਰਾਸ਼ੀ ਦਾ ਚੈੱਕ ਦਿੱਤਾ ਜਾਵੇ ਨਹੀਂ ਤਾਂ ਵੱਡੇ ਸੰਘਰਸ਼ ਲਈ ਲਾਮਬੰਦੀ ਕੀਤੀ ਜਾਵੇਗੀ।