ਪੱਤਰ ਪ੍ਰੇਰਕ
ਤਰਨ ਤਾਰਨ, 30 ਅਕਤੂਬਰ
ਇਲਾਕੇ ਦੇ ਕਰੀਬ ਇਕ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਬੀਤੇ ਕਈ ਸਾਲਾਂ ਤੋਂ ਨਹਿਰੀ ਪਾਣੀ ਦੀ ਪੇਸ਼ ਆ ਰਹੀ ਸਮੱਸਿਆ ਬਾਰੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਇਸ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਜਾਇਜ਼ ਮੰਨਦਿਆਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕਿਸਾਨਾਂ ਦੀ ਮੀਟਿੰਗ ਵਿੱਚ ਆ ਕੇ ਇਸ ਮੁਸ਼ਕਿਲ ਦਾ ਸਾਰਥਕ ਹੱਲ ਕਰਨ ਦਾ ਭਰੋਸਾ ਦਿੱਤਾ|
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਨਛੱਤਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਵਿੱਚ ਰਸੂਲਪੁਰ, ਪਿੱਦੀ, ਸ਼ਹਾਬਪੁਰ, ਡਿਆਲ, ਮੁਗਲ ਚੱਕ ਪੰਨੂੰਆਂ, ਚੰਬਲ, ਜੱਟਾ, ਜਵੰਦਾ, ਸਰਹਾਲੀ ਖੁਰਦ, ਜਵੰਦਾ ਕਲਾਂ, ਖੱਬੇ ਰਾਜਪੂਤਾਂ ਤੇ ਲੌਹੁਕਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ|
ਬੁਲਾਰਿਆਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਇਲਾਕੇ ਦੇ ਪਿੰਡ ਰਸੂਲਪੁਰ ਨੂੰ ਆਉਂਦੀ ਕਸੂਰ ਬਰਾਂਚ ਲੋਅਰ (ਕੇਬੀਐੱਲ) ਵਿੱਚੋਂ ਉਨ੍ਹਾਂ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਲਈ ਦਹਾਕਿਆਂ ਪਹਿਲਾਂ ਚੱਲਦੇ ਰਜਬਾਹੇ ਨੂੰ ਫਿਰ ਤੋਂ ਚਾਲੂ ਕੀਤਾ ਜਾਵੇ| ਇਹ ਰਜਬਾਹਾ ਥਾਂ-ਥਾਂ ਤੋਂ ਟੁੱਟ ਚੁੱਕਾ ਹੈ, ਜਿਸ ਕਰ ਕੇ ਇਸ ਰਜਬਾਹੇ ਵਿੱਚ ਪਾਣੀ ਨਹੀਂ ਛੱਡਿਆ ਜਾਂਦਾ| ਆਗੂਆਂ ਨੇ ਕਿਹਾ ਕਿ ਇਹ ਰਜਬਾਹਾ ਚਾਲੂ ਨਾ ਹੋਣ ਕਰ ਕੇ ਜਿੱਥੇ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ, ਉੱਥੇ ਹੀ ਇਸ ਰਜਬਾਹੇ ਦਾ ਪਾਣੀ ਕੇਬੀਐੱਲ (ਨਹਿਰ) ਵਿੱਚ ਰਹਿਣ ਕਰ ਕੇ ਕਈ ਵਾਰ ਨਹਿਰ ਟੁੱਟ ਵੀ ਜਾਂਦੀ ਹੈ।