ਪੱਤਰ ਪ੍ਰੇਰਕ
ਅਜਨਾਲਾ, 16 ਜੂਨ
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਧੰਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ’ਚ ਅੱਜ ਮੀਟਿੰਗ ਕੀਤੀ ਗਈ। ਮੀਟਿੰਗ ’ਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀਆਂ ਥਾਣਿਆਂ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਦਿੱਤੀਆਂ ਗਈਆਂ ਦਰਖਾਸਤਾਂ ਨੂੰ ਪੁਲੀਸ ਵੱਲੋਂ ਅਣਗੌਲਿਆਂ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਐੱਸ.ਐੱਸ.ਪੀ ਦਫਤਰ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਦਾ ਘਿਰਾਉ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧੰਨਵੰਤ ਸਿੰਘ ਖਤਰਾਏ ਕਲਾਂ ਨੇ ਦੱਸਿਆ ਕਿ ਬਲਗੇਰ ਸਿੰਘ ਵਾਸੀ ਸਾਰੰਗੜ੍ਹਾ ਵੱਲੋਂ ਥਾਣਾ ਲੋਪੋਕੇ ’ਚ ਦਰਖਾਸਤ, ਰਘਬੀਰ ਸਿੰਘ ਵਾਸੀ ਖਤਰਾਏ ਕਲ੍ਹਾਂ ਵੱਲੋਂ ਡੀ.ਐੱਸ.ਪੀ ਹੈੱਡਕੁਆਰਟਰ ਅੰਮ੍ਰਿਤਸਰ, ਹਰਮਨਪ੍ਰੀਤ ਸਿੰਘ ਵਾਸੀ ਧਾਰੀਵਾਲ ਕਲੇਰ ਵੱਲੋਂ ਥਾਣਾ ਅਜਨਾਲਾ, ਲ਼ਖਬੀਰ ਕੌਰ ਦਾ ਕੇਸ ਥਾਣਾ ਮਜੀਠਾ ਸਮੇਤ ਹੋਰ ਥਾਣਿਆਂ ਵਿੱਚ ਵੀ ਕਿਸਾਨਾਂ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਸਿਆਸੀ ਲੋਕਾਂ ਦੇ ਪ੍ਰਭਾਵ ਹੇਠ ਕਿਸਾਨ ਆਗੂਆਂ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ। ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਦਾ ਕਿਸਾਨਾਂ ਪ੍ਰਤੀ ਵਤੀਰਾ ਇਸੇ ਤਰ੍ਹਾਂ ਨਾਂਹ ਪੱਖੀ ਰਿਹਾ ਤਾਂ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਦੇ ਦਫਤਰ ਦਾ ਸਮੂਹ ਕਿਸਾਨ ਵੱਡੀ ਗਿਣਤੀ ’ਚ ਘਿਰਾਉ ਕਰਨਗੇ। ਇਸ ਮੌਕੇ ਸੁਖਦੇਵ ਸਿੰਘ ਡੱਬਰ, ਵਿਜੇ ਸ਼ਾਹ ਧਾਰੀਵਾਲ, ਪਲਵਿੰਦਰ ਸਿੰਘ, ਹਰਭਾਲ ਸਿੰਘ, ਸੁੱਚਾ ਸਿੰਘ ਤੇੜ੍ਹਾ, ਸੁਖਜੀਤ ਸਿੰਘ, ਜਸਬੀਰ ਸਿੰਘ, ਪ੍ਰਭਜੀਤ ਤਿੰਮੋਵਾਲ ਆਦਿ ਹਾਜ਼ਰ ਸਨ।