ਦਿਲਬਾਗ ਸਿੰਘ ਗਿੱਲ
ਅਟਾਰੀ, 1 ਸਤੰਬਰ
ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਵੱਲੋਂ ਪਿਸ਼ੌਰਾ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਗੁਰਨਾਮ ਸਿੰਘ ਦਾਉਕੇ, ਮੱਖਣ ਸਿੰਘ ਰਾਜਾਤਾਲ ਤੇ ਪ੍ਰਤਾਪ ਸਿੰਘ ਧਨੋਏ ਦੀ ਅਗਵਾਈ ਹੇਠ ਸਬ ਤਹਿਸੀਲ ਅਟਾਰੀ ਵਿੱਚ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਖ਼ਾਤਿਆਂ ਵਿੱਚ ਪੈਸੇ ਪਾਉਣ ’ਚ ਦੇਰੀ ਤੇ ਤਕਸੀਮ ਗਿਰਦਾਵਰੀ ਆਦਿ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਧਰਨਾ ਦੇ ਕੇ ਆਵਾਜ਼ ਬੁਲੰਦ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ, ਤਹਿਸੀਲ ਪ੍ਰਧਾਨ ਬਾਬਾ ਅਰਜਨ ਸਿੰਘ ਅਤੇ ਮੁਖਤਾਰ ਸਿੰਘ ਮੁਹਾਵਾ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਮੁਆਵਜ਼ੇ ਦੇ ਪੈਸੇ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਮਿਲਣ ਲੱਗੇ ਹਨ ਪਰ ਤਹਿਸੀਲਦਾਰ ਕਿਸਾਨਾਂ ਨੂੰ ਟਾਲ ਮਟੋਲ ਕਰਦਾ ਰਹਿੰਦਾ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਵਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਅਜੋਕੀ ਸਰਕਾਰ ਵਿੱਚ ਭ੍ਰਿਸ਼ਟਾਚਾਰ, ਨਸ਼ੇ, ਗੁੰਡਾ ਗਿਰੋਹ, ਚੋਰੀਆਂ, ਮਾਈਨਿੰਗ ਆਦਿ ਵਧ ਰਹੇ ਹਨ। ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਨਾਇਬ ਤਹਿਸੀਲਦਾਰ ਅਟਾਰੀ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਕਿਸਾਨਾਂ ਦੇ ਅੜੇ ਇੰਤਕਾਲ ਤਕਸੀਮਾਂ ਦੇ ਫੈਸਲੇ ਦਾ ਛੇਤੀ ਨਬਿੇੜਾ ਕੀਤਾ ਜਾਵੇ। ਪਟਵਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ। ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦੇ ਮਾਲਕਾਂ ਨੂੰ ਇੱਕ ਲੱਖ ਰੁਪਏ ਅਤੇ ਇਲਾਜ ਲਈ ਬਚੇ ਜਾਨਵਰਾਂ ਦੇ 20 ਹਜ਼ਾਰ ਰੁਪਏ ਦਿੱਤੇ ਜਾਣ। ਇਸ ਮੌਕੇ ਨਾਇਬ ਤਹਿਸੀਲਦਾਰ ਅਟਾਰੀ ਅਜੈ ਕੁਮਾਰ ਨੇ ਕਿਸਾਨ ਆਗੂਆਂ ਨੂੰ ਭਰੋਸਾ ਦੁਆਇਆ ਕਿ ਜਲਦੀ ਹੀ ਮੁਆਵਜ਼ਾ ਕਿਸਾਨਾਂ ਦੇ ਖ਼ਾਤਿਆਂ ਵਿੱਚ ਪਾ ਦਿੱਤਾ ਜਾਵੇਗਾ। ਧਰਨੇ ਨੂੰ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਏ ਕਲਾਂ, ਸੁੱਖ ਲਾਹੌਰੀਮੱਲ ਤੇ ਬੂਟਾ ਸਿੰਘ ਮੋਦੇ ਨੇ ਵੀ ਸੰਬੋਧਨ ਕੀਤਾ।