ਗੁਰਬਖਸ਼ਪੁਰੀ
ਤਰਨ ਤਾਰਨ, 13 ਸਤੰਬਰ
ਸਰਹੱਦੀ ਖੇਤਰ ਦੇ ਪਿੰਡ ਦੋਦੇ ਵਿੱਚ ਕੁਝ ਦਿਨ ਪਹਿਲਾਂ ਪਾਵਰਕੌਮ ਟੀਮ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਅਤੇ ਪਾਵਰਕੌਮ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਜਥੇਬੰਦੀਆਂ ਆਹਮੋ-ਸਾਹਮਣੇ ਆ ਗਈਆਂ ਹਨ| ਇਸ ਮਾਮਲੇ ’ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਪਾਵਰਕੌਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਜਥੇਬੰਦੀਆਂ ਨੇ ਇੱਥੇ ਮੀਟਿੰਗ ਕਰ ਕੇ ਭਲਕ ਤੋਂ ਉੱਪ ਮੰਡਲ ਝਬਾਲ ਦਾ ਸਾਰਾ ਦਫਤਰੀ ਕੰਮ ਅਣਮਿੱਥੇ ਤੱਕ ਲਈ ਠੱਪ ਕਰ ਦੇਣ ਦਾ ਐਲਾਨ ਕੀਤਾ ਹੈ|
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਝੰਡੇ ਹੇਠ ਪਾਵਰਕੌਮ ਝਬਾਲ ਉਪ ਮੰਡਲ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘੰਟਿਆਂ ਤੱਕ ਬੰਦੀ ਬਣਾਇਆ ਗਿਆ ਸੀ। ਇਸ ਖਿਲਾਫ਼ ਝਬਾਲ ਦੀ ਪੁਲੀਸ ਨੇ ਜਥੇਬੰਦੀ ਦੇ 50 ਦੇ ਕਰੀਬ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਸੋਮਵਾਰ ਨੂੰ ਕੇਸ ਦਰਜ ਕੀਤਾ ਸੀ। ਇਸ ਦੇ ਬਾਵਜੂਦ ਕਿਸਾਨਾਂ ਅੱਜ ਵੀ ਪਾਵਰਕੌਮ ਦੇ ਝਬਾਲ ਉੱਪ ਮੰਡਲ ਅੰਦਰ ਧਰਨਾ ਦਿੱਤਾ ਅਤੇ ਧਰਨਾ ਜਾਰੀ ਰੱਖੇ ਜਾਣ ਦੀ ਚਿਤਾਵਨੀ ਦਿੱਤੀ| ਅੱਜ ਮੌਕੇ ’ਤੇ ਸਥਿਤੀ ਉਸ ਵੇਲੇ ਤਣਾਅ ਵਾਲੀ ਬਣ ਗਈ ਜਦੋਂ ਕਿਸਾਨਾਂ ਦੇ ਬਰਾਬਰ ਪਾਵਰਕੌਮ ਦੇ ਮੁਲਾਜ਼ਮਾਂ ਨੇ ਵੀ ਧਰਨਾ ਦੇ ਕੇ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਆਗੂ ਜਸਬੀਰ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਧਰਨਾ ਹੁਣ ਅਣਮਿੱਥੇ ਸਮੇਂ ਲਈ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਕਰਨ ਖਿਲਾਫ਼ ਪਾਏ ਜੁਰਮਾਨੇ ਤੇ ਹੋਰ ਕੀਤੀ ਕਾਰਵਾਈ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਿਸੇ ਧਿਰ ਨੂੰ ਅਮਨ-ਕਾਨੂੰਨ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ|