ਬੇਅੰਤ ਸਿੰਘ ਸੰਧੂ
ਪੱਟੀ, 6 ਅਗਸਤ
ਥਾਣਾ ਸਦਰ ਪੱਟੀ ਦੇ ਪਿੰਡ ਭੱਗੂਪੁਰ ਦੇ ਨਜ਼ਦੀਕ ਬੀਤੀ 19 ਜੁਲਾਈ ਨੂੰ ਮਨਦੀਪ ਸਿੰਘ (24) ਪੁੱਤਰ ਪ੍ਰਕਾਸ਼ ਸਿੰਘ ਦਾ ਕੁਝ ਕਾਰ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਕਾਰਵਾਈ ਤੋਂ ਦੁਖੀ ਹੋ ਕੇ ਡੀਐੱਸਪੀ ਪੱਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਸੀ, ਪਰ ਹੁਣ ਤੱਕ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਡੀਐੱਸਪੀ ਪੱਟੀ ਦੇ ਦਫ਼ਤਰ ਦੇ ਬਾਹਰ ਪ੍ਰੈੱਸ ਕਾਨਫਰੰਸ ਕਰਦਿਆਂ ਮ੍ਰਿਤਕ ਦੇ ਪਿਤਾ ਪ੍ਰਕਾਸ਼ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ ਪੱਟੀ ਦੇ ਐੱਸਐੱਚਓ ਅਤੇ ਡੀਐੱਸਪੀ ਪੱਟੀ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਤਲ ਦੇ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ ਜਦਕਿ ਮੁੱਖ ਦੋਸ਼ੀ ਵਿਅਕਤੀ ਵੱਲੋਂ ਵਾਰਦਾਤ ਸਮੇਂ ਵਰਤੀ ਗਈ ਉਸਦੀ ਸਕਾਰਪੀਓ ਗੱਡੀ ਉਨ੍ਹਾਂ ਵੱਲੋਂ ਇੱਕ ਘਰ ਵਿੱਚੋਂ ਪੁਲੀਸ ਨੂੰ ਬਰਾਮਦ ਕਰਵਾਈ ਗਈ ਸੀ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਵਿਅਕਤੀ ਦਾ ਵੇਰਵਾ ਵੀ ਪੁਲੀਸ ਨੂੰ ਦਿੱਤਾ ਗਿਆ ਸੀ, ਪਰ ਪੁਲੀਸ ਵੱਲੋਂ ਡੂੰਘਾਈ ਨਾਲ ਕਿਸੇ ਵਿਅਕਤੀ ਕੋਲੋਂ ਪੁੱਛ ਪੜਤਾਲ ਨਹੀਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਮ੍ਰਿਤਕ ਦੇ ਪਿਤਾ ਨੇ ਆਈ ਜੀ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਐੱਸਐੱਚਓ ਸਦਰ ਪੱਟੀ ਵੱਲੋਂ ਹੁਣ ਤੱਕ ਇਸ ਮਾਮਲੇ ਅੰਦਰ ਕੀਤੀ ਗਈ ਤਫਤੀਸ਼ ਅਤੇ ਡੀਐੱਸਪੀ ਪੱਟੀ ਵੱਲੋਂ ਇਸ ਕੇਸ ’ਚ ਨਿਭਾਈ ਗਈ ਭੂਮਿਕਾ ਦੀ ਜਾਂਚ ਕੀਤੀ ਜਾਵੇ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਮੁਲਜ਼ਮ ਫੜਨ ਲਈ ਪੁਲੀਸ ਕਾਰਵਾਈ ਕਰ ਰਹੀ ਹੈ: ਡੀਐੱਸਪੀ
ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਸਕਾਰਪੀਓ ਗੱਡੀ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਹਿਰਾਸਤ ਵਿੱਚ ਲਏ ਗਏ ਵਿਅਕਤੀ ਦੀ ਕਤਲ ਵਿੱਚ ਸ਼ਮੂਲੀਅਤ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਕਾਰਵਾਈ ਨਿਰੰਤਰ ਜਾਰੀ ਹੈ।