ਪੱਤਰ ਪ੍ਰੇਰਕ
ਪਠਾਨਕੋਟ, 19 ਅਪਰੈਲ
ਪਠਾਨਕੋਟ ’ਚ ਪੁਲੀਸ ਨੇ 5 ਦੁਕਾਨਦਾਰਾਂ ਖਿਲਾਫ ਕੇਸ ਦਰਜ ਕਰਕੇ 1.50 ਕੁਇੰਟਲ ਨਕਲੀ ਨਮਕ ਬਰਾਮਦ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਟਾ ਕੰਪਨੀ ਦਾ ਜਾਅਲੀ ਟਾਟਾ ਸਾਲਟ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੇਚਿਆ ਜਾ ਰਿਹਾ ਸੀ। ਕੰਪਨੀ ਵੱਲੋਂ ਦੋਹਾਂ ਰਾਜਾਂ ਵਿੱਚ ਇਸ ਖਿਲਾਫ ਕਾਰਵਾਈ ਕੀਤੀ ਗਈ ਤਾਂ ਇਸ ਦੇ ਤਾਰ ਪਠਾਨਕੋਟ ਵਾਸੀ ਸੰਜੀਵ ਗੁਪਤਾ ਅਤੇ ਮਨਦੀਪ ਮਹਾਜਨ ਜੋ ਕਿ ਡੀਲਰ ਅਤੇ ਸਬ-ਡੀਲਰ ਦੱਸੇ ਜਾ ਰਹੇ ਹਨ, ਨਾਲ ਜੁੜਦੇ ਨਜ਼ਰ ਆਏ ਤਾਂ ਕੰਪਨੀ ਦੇ ਫੀਲਡ ਅਫਸਰ ਮੋਹਿਤ ਸ਼ਰਮਾ ਨੇ ਗੁਪਤ ਤੌਰ ’ਤੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਜਾਅਲੀ ਨਮਕ ਵੇਚਣ ਬਾਰੇ ਪੁਸ਼ਟੀ ਹੋਈ। ਉਨ੍ਹਾਂ ਤੁਰੰਤ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ 1 ਕੁਇੰਟਲ 50 ਕਿਲੋ ਨਕਲੀ ਟਾਟਾ ਕੰਪਨੀ ਦਾ ਨਮਕ ਵੀ ਬਰਾਮਦ ਕਰ ਲਿਆ।
ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਇਸ ਦੇ ਨਾਲ ਹੀ ਤਿੰਨ ਹੋਰ ਕਰਿਆਨਾ ਦੁਕਾਨਦਾਰ ਜੋ ਕਿ ਇਨ੍ਹਾਂ ਤੋਂ ਨਮਕ ਖਰੀਦ ਕੇ ਅੱਗੇ ਵੇਚਦੇ ਹਨ, ਵਿੱਚ ਜੀਵਨ ਸਿੰਘ ਸੈਲੀ ਰੋਡ, ਪ੍ਰਮੋਦ ਈਐਮਟੀ ਮਾਰਟ ਸੈਲੀ ਰੋਡ ਅਤੇ ਵਾਸੂਦੇਵ ਪੁਰੀ ਸੈਲੀ ਸ਼ਾਮਲ ਹਨ, ਖਿਲਾਫ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਹਿਮਾਚਲ ਦੇ ਕਿਸੇ ਏਜੰਟ ਕੋਲੋਂ ਇਨ੍ਹਾਂ ਇਹ ਨਮਕ ਮੰਗਵਾਇਆ ਸੀ ਜੋ ਕਿ ਅੱਗੇ ਦਿੱਲੀ ਤੋਂ ਆਇਆ ਸੀ।