ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 16 ਮਾਰਚ
ਤਹਿਸੀਲ ਕੰਪਲੈਕਸ ਖਡੂਰ ਸਾਹਿਬ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵਿਆਹ ਸ਼ਾਦੀ ਦੀਆਂ ਜਾਅਲੀ ਰਜਿਸਟਰੀਆਂ ਕਰਨ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ ਜਿਸ ਨਾਲ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ ਹੈ।
ਇਸ ਸਬੰਧੀ ਗੋਇੰਦਵਾਲ ਸਾਹਿਬ ਪੁਲੀਸ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਰੀਡਰ ਤਹਿਸੀਲਦਾਰ, ਕੁਲਬੀਰ ਸਿੰਘ ਅਸ਼ਟਾਮਫਰੋਸ਼, ਅਸ਼ੋਕ ਕੁਮਾਰ, ਸਰਵਣ ਸਿੰਘ (ਕਰਮਚਾਰੀ ਸੇਵਾ ਕੇਂਦਰ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦੇ ਬਾਹਰ ਬਣੀ ਅਸ਼ੋਕ ਫੋਟੋਸਟੈਟ ਦੁਕਾਨ ਦੇ ਮਾਲਕ ਅਸ਼ੋਕ ਕੁਮਾਰ ਵੱਲੋ ਲੇਟ ਮੈਰਿਜ ਰਜਿਸਟਰ ਕਰਵਾਉਣ ਲਈ ਕਥਿਤ ਤੌਰ ’ਤੇ ਨਕਲੀ ਦਸਤਾਵੇਜ਼ ਅਤੇ ਅਸ਼ਟਾਮ ਤਿਆਰ ਕੀਤੇ ਜਾਂਦੇ ਸਨ। ਪੰਜਾਬ ਮੈਰਿਜ ਐਕਟ ਦੇ ਅਨੁਸਾਰ ਨਿਰਧਾਰਤ ਸਮੇਂ ਤੋਂ ਬਾਅਦ ਮੈਰਿਜ ਰਜਿਸਟਰ ਕਰਵਾਉਣ ਲਈ ਲੇਟ ਫੀਸ ਨਾਲ ਹੋਰ ਦਸਤਾਵੇਜ਼ ਅਤੇ ਕੋਰਟ ਫੀਸ ਦੇ ਰੂਪ ਵਿੱਚ ਅਸ਼ਟਾਮ ਲੱਗਦੇ ਹਨ ਜਿਸ ਨੂੰ ਅਸ਼ੋਕ ਕੁਮਾਰ ਕਥਿਤ ਤੌਰ ’ਤੇ ਫਰਜ਼ੀ ਅਸ਼ਟਾਮ ਤਿਆਰ ਕਰਕੇ ਫਾਈਲ ਬਣਾ ਕੇ ਸੇਵਾ ਕੇਂਦਰ ਦੇ ਮੁਲਾਜ਼ਮ ਸਰਵਨ ਸਿੰਘ ਰਾਹੀਂ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਂਦੀ ਸੀ। ਤਹਿਸੀਲਦਾਰ ਦਾ ਰੀਡਰ ਅਵਤਾਰ ਸਿੰਘ ਉਸ ਫਾਈਲ ਨੂੰ ਕਥਿਤ ਤੌਰ ’ਤੇ ਪਾਸ ਕਰਵਾਉਣ ਦਾ ਕੰਮ ਕਰਦਾ ਸੀ।
ਇਸ ਮਾਮਲੇ ਵਿੱਚ ਉਪਰੋਕਤ ਮੁਲਜ਼ਮਾਂ ਨੂੰ ਨਕਲੀ ਅਸ਼ਟਾਮ ਮੁਹੱਈਆ ਕਰਵਾਉਣ ਵਾਲੇ ਕੁਲਬੀਰ ਸਿੰਘ ਨੂੰ ਵੀ ਪੁਲੀਸ ਨੇ ਨਾਮਜ਼ਦ ਕੀਤਾ ਹੈ । ਇਸ ਫਰਜ਼ੀਵਾੜੇ ਦੀ ਜਾਣਕਾਰੀ ਮਿਲਣ ਉਪਰੰਤ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਵੱਲੋ ਸੁਪਰਡੈਂਟ ਗ੍ਰੇਡ-1 ਨੂੰ ਮਾਮਲੇ ਦੀ ਪੜਤਾਲ ਕਰਨ ਦੀ ਹਦਾਇਤ ਕੀਤੀ ਗਈ ਸੀ ਅਤੇ ਪੜਤਾਲ ਦੌਰਾਨ ਪਿਛਲੀ ਤਰੀਕ ਵਿਚ ਅਸ਼ਟਾਮ ਬਣਵਾਉਣ ਲਈ ਅਤੇ ਦਸਤਾਵੇਜ਼ ਨੂੰ ਖੁਰਦ-ਬੁਰਦ ਕਰਨ ਲਈ ਅਸ਼ਟਾਮਫਰੋਸ਼ ਕੁਲਬੀਰ ਸਿੰਘ ਵੱਲੋਂ ਰਿਕਾਰਡ ਨਾਲ ਕਥਿਤ ਤੌਰ ’ਤੇ ਹੇਰਫੇਰ ਕੀਤੀ ਜਾਂਦੀ ਸੀ। ਇਸ ਸਬੰਧੀ ਪੜਤਾਲ ਤੋਂ ਬਾਅਦ ਪੁਲੀਸ ਵੱਲੋ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਨਾਮਜ਼ਦ ਮੁਲਜ਼ਮਾਂ ’ਚੋਂ ਦੋ ਕਾਬੂ
ਡੀਐੱਸਪੀ ਰਮਨਦੀਪ ਸਿੰਘ ਭੁੱਲਰ ਅਤੇ ਐੱਸਐੱਚਓ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਹਿਸੀਲਦਾਰ ਦਾ ਰੀਡਰ ਅਵਤਾਰ ਸਿੰਘ ਅਤੇ ਸੇਵਾ ਕੇਂਦਰ ਦਾ ਮੁਲਾਜਮ ਸਰਵਨ ਸਿੰਘ ਕਾਬੂ ਕੀਤਾ ਗਿਆ ਹੈ।