ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 3 ਅਕਤੂਬਰ
ਭਾਰਤ ਮਾਲਾ ਪ੍ਰਾਜੈਕਟ ਅਧੀਨ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਬਣਾਉਣ ਲਈ ਕਿਸਾਨਾਂ ਦੀਆਂ ਐਕੁਆਇਰ ਹੋਈਆਂ ਜ਼ਮੀਨਾਂ ਤਹਿਤ ਪਿੰਡ ਧੁੰਦਾ ਵਿਚ ਬਣਨ ਜਾ ਰਹੇ 500 ਫੁੱਟ ਉੱਚੇ ਰੈਸਤਰਾਂ ਦਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੱਲੋਂ ਬਿਆਨ ਜਾਰੀ ਕਰਨ ਤੋਂ ਬਾਅਦ ਕਿਸਾਨ ਰੋਹ ਵਿੱਚ ਦਿਖਾਈ ਦੇ ਰਹੇ ਹਨ। ਇਸ ਖ਼ਿਲਾਫ਼ ਇਲਾਕੇ ਦੇ ਕਿਸਾਨ ਰੈਸਤਰਾਂ ਬਣਨ ਖ਼ਿਲਾਫ਼ ਵਿਰੋਧ ਜ਼ਾਹਿਰ ਕਰਨ ਲੱਗੇ ਹਨ।
ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਮ੍ਰਿੰਤਸਰ-ਬਠਿੰਡਾ ਹਾਈਵੇਅ ’ਚ ਐਕੁਆਇਰ ਹੋਈਆਂ ਜ਼ਮੀਨਾਂ ਦੇ ਭਾਅ ਇੱਕ ਤੋਂ ਡੇਢ ਕਰੋੜ ਤੱਕ ਪ੍ਰਤੀ ਏਕੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਕਿਸਾਨਾਂ ਨਾਲ ਧੱਕਾ ਕਰ ਕੇ ਸਿਰਫ਼ 27 ਲੱਖ ਪ੍ਰਤੀ ਏਕੜ ਭਾਅ ਦੇ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਖੋਹ ਰਹੀ ਹੈ। ਇਸ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਟਾਂਡਾ ਇਕਾਈ ਧੂੰਦਾ-ਖੱਖ ਵੱਲੋਂ ਨਿਖੇਧੀ ਕੀਤੀ ਜਾਂਦੀ ਹੈ। ਇਸ ਮੌਕੇ ਕਿਸਾਨ ਆਗੂਆਂ ਤੇ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਉਨ੍ਹਾਂ ਨੂੰ ਜ਼ਮੀਨਾਂ ਦਾ ਸਹੀ ਭਾਅ ਨਹੀਂ ਦਿੱਤਾ ਜਾਂਦਾ ਉਨਾ ਚਿਰ ਉਹ ਆਪਣੀਆਂ ਜ਼ਮੀਨਾਂ ਵਿਚ ਕਿਸੇ ਨੂੰ ਪੈਰ ਨਹੀਂ ਪਾਉਣ ਦੇਣਗੇ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਮੂਹ ਕਿਸਾਨਾਂ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਹਲਕਾ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਬਿਆਨ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਧੂੰਦਾ ਵਿਚ 500 ਫੁੱਟ ਉੱਚਾ ਰੈਸਤਰਾਂ ਬਣੇਗਾ ਦਾ ਬਿਆਨ ਜਾਰੀ ਕੀਤਾ ਗਿਆ ਹੈ, ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਰੈਸਤਰਾਂ ਨੂੰ ਉਨ੍ਹੀ ਦੇਰ ਨਹੀਂ ਬਣਨ ਦਿੱਤਾ ਜਾਵੇਗਾ ਜਿੰਨਾ ਚਿਰ ਕਿਸਾਨਾਂ ਨੂੰ ਸਹੀ ਮੁਆਵਜ਼ਾ ਨਹੀਂ ਮਿਲਦਾ।
ਇਸ ਮੌਕੇ ਜਗੀਰ ਸਿੰਘ ਪ੍ਰਧਾਨ, ਯਾਦਵਿੰਦਰ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਧੂੰਦਾ, ਸਰਪੰਚ ਗੁਰਮੇਜ ਸਿੰਘ ਡੀਸੀ, ਮੁਖਤਾਰ ਸਿੰਘ ਲਵਜੀਤ ਸਿੰਘ, ਬਾਬਾ ਗੁਰਦਿਆਲ ਸਿੰਘ ਖੱਖ ਆਦਿ ਮੌਜੂਦ ਸਨ।