ਗੁਰਬਖਸ਼ਪੁਰੀ
ਤਰਨ ਤਾਰਨ, 29 ਜਨਵਰੀ
ਸੀਆਈਏ ਸਟਾਫ਼ ਤਰਨ ਤਾਰਨ ਦੀ ਪੁਲੀਸ ਨੇ ਇਲਾਕੇ ਅੰਦਰ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ 12-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਇਸ ਸਬੰਧੀ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਇੱਥੇ ਦੱਸਿਆ ਕਿ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟੀਆਂ ਹੋਈਆਂ ਵੈਨਿਓ ਅਤੇ ਹੌਂਡਾ ਸਿਟੀ ਦੋ ਕਾਰਾਂ ਅਤੇ ਇਕ ਚੋਰੀ ਕੀਤਾ ਪਲਸਰ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ| ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਰਦਾਤਾਂ ਕਰਨ ਲਈ ਵਰਤਿਆ ਜਾਂਦਾ ਰਿਹਾ ਇੱਕ ਪਿਸਤੌਲ, ਦੋ ਰੌਂਦ, ਤਿੰਨ ਦਾਤਰ ਅਤੇ 920 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ| ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਵਿੱਚ ਗੁਰਸੇਵਕ ਸਿੰਘ ਵਾਸੀ ਪੱਧਰੀ, ਅਨਮੋਲ ਸਿੰਘ ਤੋਤੀ ਵਾਸੀ ਬੁੱਘਾ, ਸਰਪ੍ਰੀਤ ਸਿੰਘ ਸੋਪੀ ਅਤੇ ਜਗਪ੍ਰੀਤ ਸਿੰਘ ਵਾਸੀ ਬੈਂਕਾ ਦਾ ਨਾਮ ਸ਼ਾਮਲ ਹੈ| ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਵਿੱਚ ਵਰਿੰਦਰ ਸਿੰਘ ਅੱਬੂ, ਰੂਪ, ਰਾਜਾ, ਰਛਪਾਲ ਸਿੰਘ, ਗੁਰਲਾਲ ਸਿੰਘ, ਕਰਨ ਬਾਬਾ ਹੀਰਾ ਸਿੰਘ ਅਤੇ ਗੁਰਨਿਸ਼ਾਨ ਸਿੰਘ ਦਾ ਨਾਂ ਸ਼ਾਮਲ ਹੈ| ਅਧਿਕਾਰੀ ਨੇ ਦੱਸਿਆ ਕਿ ਗਰੋਹ ਕੱਲ੍ਹ ਇਲਾਕੇ ਦੇ ਪਿੰਡ ਬੁੱਘਾ ਦੇ ਸ਼ਮਸ਼ਾਨਘਾਟ ਵਿੱਚ ਕੋਈ ਵਾਰਦਾਤ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਸੀ ਜਿਸ ’ਤੇ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਚਾਰ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ| ਇਸ ਸਬੰਧੀ ਸਥਾਨਕ ਥਾਣਾ ਸਦਰ ਵਿੱਚ ਧਾਰਾ 399, 402 ਆਦਿ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ|