ਗੁਰਬਖਸ਼ਪੁਰੀ
ਤਰਨ ਤਾਰਨ, 18 ਦਸੰਬਰ
ਸਥਾਨਕ ਸੀਆਈਏ ਸਟਾਫ਼ ਦੇ ਅਧਿਕਾਰੀ ਸਬ ਇੰਸਪੈਕਟਰ ਸੁਖਦੇਵ ਸਿਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਇਲਾਕੇ ਅੰਦਰ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਪੰਜ-ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਇਸ ਸਬੰਧੀ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਨੇ ਗਰੋਹ ਦੇ ਚਾਰ ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ| ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਦੋ ਦਾਤਰ ਬਰਾਮਦ ਕੀਤੇ ਗਏ ਹਨ| ਮੁਲਜ਼ਮਾਂ ਵਿੱਚ ਗੋਇੰਦਵਾਲ ਸਾਹਿਬ ਵਾਸੀ ਲੱਭੂ ਤੇ ਗੁਰਜੰਟ ਸਿੰਘ, ਘਸੀਟਪੁਰ ਕਲਾਂ (ਬਟਾਲਾ) ਵਾਸੀ ਮਨਪ੍ਰੀਤ ਸਿੰਘ ਅਤੇ ਢੰਡਿਆਲਾ ਨੱਤ (ਬਟਾਲਾ) ਵਾਸੀ ਗੁਰਪ੍ਰੀਤ ਸਿੰਘ ਸ਼ਾਮਲ ਹਨ| ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਸੂਹ ਮਿਲਣ ’ਤੇ ਛਾਪਾ ਮਾਰ ਕੇ ਚਾਰ ਮੁਲਜ਼ਮਾਂ ਨੂੰ ਸੰਘਾ ਪਿੰਡ ਨੇੜਿਓਂ ਉਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਵਾਰਦਾਤ ਕਰਨ ਦੀ ਕਥਿਤ ਯੋਜਨਾ ਬਣਾ ਰਹੇ ਸੀ| ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਪਛਾਣ ਢੰਡਿਆਲਾ ਨੱਤ ਦੇ ਵਾਸੀ ਸਾਜਨ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ| ਇਸ ਸਬੰਧੀ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ|