ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 19 ਜੁਲਾਈ
ਅੱਜ ਇੱਥੇ ਸਵੇਰੇ ਕਰੀਬ ਸੱਤ ਵਜੇ ਜੰਡਿਆਲਾ ਗੁਰੂ ਤੋਂ ਗਹਿਰੀ ਮੰਡੀ ਨੂੰ ਜਾਣ ਵਾਲੀ ਸੜਕ ਉੱਪਰ ਸਥਿਤ ਪੰਚਾਇਤ ਵਿਭਾਗ ਦੇ ਚਾਲੀ ਮਰਲੇ ਦੇ ਪਲਾਟ ਉੱਪਰ ਕਬਜ਼ਾ ਕਰ ਰਹੇ ਵਿਅਕਤੀਆਂ ਨੂੰ ਪੁਲੀਸ ਨੇ ਖਦੇੜਿਆ। ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਦੇ ਪਲਾਟ ਉੱਪਰ ਗੁੱਜਰਾਂ ਵੱਲੋਂ ਆਪਣੇ ਪਸ਼ੂ ਰੱਖੇ ਹੋਏ ਸਨ। ਮੌਕੇ ’ਤੇ ਸੂਤਰਾਂ ਦੀ ਮੰਨੀ ਜਾਵੇ ਤਾਂ ਬੀਤੀ ਰਾਤ ਕਰੀਬ ਬਾਰਾਂ ਵਜੇ ਇਸ ਸਰਕਾਰੀ ਚਾਰੀ ਮਰਲੇ ਦੇ ਪਲਾਟ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਬਹੁਤ ਸਾਰੇ ਲੋਕਾਂ ਨੇ ਮਿਸਤਰੀਆਂ ਅਤੇ ਦਰਜਨਾਂ ਲੇਬਰ ਦੇ ਬੰਦੇ ਲੈ ਕੇ ਨਾਜਾਇਜ਼ ਰੂਪ ਵਿੱਚ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਗੁਰੂ ਦੀ ਪੁਲੀਸ ਅਤੇ ਬੀਡੀਪੀਓ ਜੰਡਿਆਲਾ ਗੁਰੂ ਸਿਤਾਰਾ ਸਿੰਘ ਨੇ ਮੌਕੇ ਉੱਪਰ ਪਹੁੰਚ ਕੇ ਇਸ ਨਾਜਾਇਜ਼ ਨਿਰਮਾਣ ਨੂੰ ਰੁਕਵਾਇਆ। ਇਸ ਮਾਮਲੇ ਵਿੱਚ ਬੀਡੀਪੀਓ ਸਿਤਾਰਾ ਸਿੰਘ ਨੇ ਕਿਹਾ ਕੁਝ ਲੋਕਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਕੰਮ ਹੋ ਰਿਹਾ ਸੀ ਪਰ ਸਿਤਾਰਾ ਸਿੰਘ ਨੇ ਮਿਲੀ ਭੁਗਤ ਕਰਨ ਵਾਲੇ ਅਧਿਕਾਰੀਆਂ ਦੇ ਨਾਮ ਨਹੀਂ ਦੱਸੇ ਉੱਥੇ ਹੀ ਇਸ ਮਾਮਲੇ ਵਿੱਚ ਡੀਡੀਪੀਓ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਨੇ ਕਿਹਾ ਇਹ ਚਾਲੀ ਮਰਲੇ ਦਾ ਪਲਾਟ ਉਨ੍ਹਾਂ ਦੇ ਵਿਭਾਗ ਦਾ ਹੈ ਜਿਸ ਉਪਰ ਕਬਜ਼ਾ ਕਰਨ ਲਈ ਆਏ ਵਿਅਕਤੀਆਂ ਨੂੰ ਸਥਾਨਕ ਪੁਲੀਸ ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਐੱਸਐੱਚਓ ਜੰਡਿਆਲਾ ਗੁਰੂ ਹਰਚੰਦ ਸਿੰਘ ਨੇ ਕਿਹਾ ਅਜੇ ਇਹ ਗੱਲ ਸਾਫ ਨਹੀਂ ਹੋਈ ਕੇ ਇਹ ਜ਼ਮੀਨ ਕਿਸ ਦੀ ਹੈ। ਐੱਸਐੱਚਓ ਨੇ ਕਿਹਾ ਕਬਜ਼ਾਧਾਰੀ ਲੋਕਾਂ ਦਾ ਟਰੈਕਟਰ ਟਰਾਲੀ ਅਤੇ ਪਾਣੀ ਵਾਲੀ ਟੈਂਕੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਸ ਜਗ੍ਹਾ ਦੇ ਪੇਪਰ ਵਿਖਾਉਣ ਲਈ ਬੁਲਾਇਆ ਗਿਆ ਹੈ। ਜੇਕਰ ਉਹ ਦੋਸ਼ੀ ਸਾਬਤ ਹੋਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਪਰ ਉਥੇ ਲੋਕਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਦੇ ਲੋਕ ਇਸ ਸਰਕਾਰੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ਾ ਕਰ ਰਹੇ ਸਨ ਜਿਸ ਕਾਰਨ ਪੁਲੀਸ ਕੇਸ ਦਰਜ ਕਰਨ ਤੋਂ ਟਾਲਾ ਵੱਟ ਰਹੀ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਦੀ ਰੰਜਿਸ਼ ਬਣੀ ਲੜਾਈ ਦਾ ਕਾਰਨ
ਅਜਨਾਲਾ(ਪੱਤਰ ਪ੍ਰੇਰਕ): ਇਥੇ ਪਿੰਡ ਚੇਨਪੁਰ ਵਿੱਚ ਇਕ ਵਿਅਕਤੀ ਨੂੰ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਰੰਜਿਸ਼ ਸਬੰਧੀ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਵਿਰੁੱਧ ਪੁਲੀਸ ਨੇ 6 ਵਿਅਕਤੀਆਂ ਖ਼ਿਲਾਫ਼ ਧਾਰਾ ਇਰਾਦਾ ਕਤਲ ਅਧੀਨ ਕੇਸ ਦਰਜ ਕੀਤਾ ਹੈ। ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦਸਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਪ੍ਰੀਤਮ ਸਿੰਘ ਅਤੇ ਜਸਕਰਨ ਸਿੰਘ ਦਰਮਿਆਨ ਖਿਚੋਤਾਣ ਚਲ ਰਹੀ ਸੀ। ਬੀਤੇ ਕੱਲ ਪ੍ਰੀਤਮ ਸਿੰਘ ਅਤੇ ਉਸ ਦਾ ਪੁੱਤਰ ਗੁਰਦੇਵ ਸਿੰਘ ਝੋਨੇ ਦੀ ਫਸਲ ਨੂੰ ਖਾਦ ਪਾ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ ਕਿ ਰਸਤੇ ਵਿੱਚ ਖੜੇ ਜਸਕਰਨ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਕਤ ਲੰਘ ਗਿਆ। ਉਸ ਦਿਨ ਕਰੀਬ 12 ਵਜੇ ਦੁਪਹਿਰ ਨੂੰ ਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਗਲੀ ਵਿੱਚ ਰੌਲਾ ਸੁਣਿਆ। ਜਦੋਂ ਉਹ ਬਾਹਰ ਗਲੀ ਵਿੱਚ ਆਇਆ ਤਾਂ ਜਸਕਰਨ ਸਿੰਘ, ਮਾਲਕ ਸਿੰਘ, ਗੁਰਚਰਨ ਸਿੰਘ, ਹਰਚਰਨ ਸਿੰਘ, ਕੁਲਵਿੰਦਰ ਸਿੰਘ ਆਦਿ ਉਸ ਦੇ ਪੁੱਤਰ ਗੁਰਦੇਵ ਸਿੰਘ ਦੀ ਰਵਾਇਤੀ ਹਥਿਆਰਾਂ ਨਾਲ ਪਿਟਾਈ ਕਰ ਰਹੇ ਸਨ। ਪ੍ਰੀਤਮ ਸਿੰਘ ਦੇ ਰੌਲਾ ਪਾਉਣ ’ਤੇ ਉਪਰੋਕਤ ਵਿਅਕਤੀ ਗੁਰਦੇਵ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲੀਸ ਨੇ ਪ੍ਰੀਤਮ ਸਿੰਘ ਦੇ ਬਿਆਨਾ ’ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।