ਐੱਨਪੀ ਧਵਨ
ਪਠਾਨਕੋਟ, 27 ਜੂਨ
ਪਠਾਨਕੋਟ ਦੇ ਪਿੰਡ ਕੀੜੀ ਗੰਡਿਆਲ ਵਿੱਚ ਟਰੱਕ ਚਾਲਕਾਂ ਦੇ ਝਗੜੇ ਵਿੱਚ ਵਿੱਚ ਬਚਾਅ ਕਰਨ ਪੁੱਜੇ ਸਾਬਕਾ ਸੈਨਿਕ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (46) ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਠਾਕੁਰਪੁਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਰਾਜਿੰਦਰ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਸੀ। ਸੂਚਨਾ ਮਿਲਦੇ ਸਾਰ ਥਾਣਾ ਸਦਰ ਪੁਲੀਸ ਮੌਕੇ ’ਤੇ ਪੁੱਜੀ, ਸਥਾਨਕ ਵਿਧਾਇਕ ਜੋਗਿੰਦਰ ਪਾਲ, ਏਐੱਸਪੀ ਅਦਿਤਿਆ ਅਤੇ ਐੱਸਪੀ (ਡੀ) ਪੀਐਸ ਵਿਰਕ ਨੇ ਵੀ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। ਫੌਰੈਂਸਿਕ ਟੀਮ ਨੇ ਵੀ ਮੌਕੇ ’ਤੇ ਪੁੱਜ ਕੇ ਸਬੂਤ ਇਕੱਤਰ ਕੀਤੇ। ਸਰਪੰਚ ਸਤੀਸ਼ ਕੁਮਾਰ ਅਤੇ ਮ੍ਰਿਤਕ ਦੇ ਭਾਈ ਗੋਲਡੀ ਠਾਕੁਰ ਨੇ ਦੱਸਿਆ ਕਿ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਬੱਸੀ ਪਰਿਹਲਾਦਪੁਰ ਵਾਸੀ ਜਗਜੀਤ ਸਿੰਘ ਜੱਗਾ ਰਾਜਿੰਦਰ ਸਿੰਘ ਨੂੰ ਲੈ ਕੇ ਗਿਆ ਸੀ। ਜੱਗਾ ਅਤੇ ਰਾਜਿੰਦਰ ਸਿੰਘ ਪਿੰਡ ਕੀੜੀ ਸਥਿਤ ਨਿਊ ਵੇਵ ਸਟੋਨ ਕਰੱਸ਼ਰ ’ਤੇ ਪੁੱਜੇ ਤਾਂ ਉਥੇ ਜ਼ਖਮੀ ਡਰਾਈਵਰ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਡਰਾਈਵਰ ਨੂੰ ਹੋਰ ਟਰੱਕ ਚਾਲਕਾਂ ਨੇ ਕੁੱਟਿਆ ਹੈ। ਉਹ ਹੋਰ ਡਰਾਈਵਰਾਂ ਨਾਲ ਇਸ ਸਬੰਧੀ ਗੱਲ ਕਰਨ ਗਏ ਤਾਂ ਉਨ੍ਹਾਂ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਫਿਰ ਹਮਲਾ ਕਰ ਦਿੱਤਾ। ਮਾਰਕੁਟਾਈ ਦੌਰਾਨ ਜੱਗਾ ਉਥੋਂ ਭੱਜ ਗਿਆ ਪਰ ਰਾਜਿੰਦਰ ਸਿੰਘ ਨੂੰ ਉਨ੍ਹਾਂ ਲੋਕਾਂ ਨੇ ਘੇਰ ਲਿਆ ਅਤੇ ਹੱਤਿਆ ਕਰ ਦਿੱਤੀ। ਐੱਸਪੀ (ਡੀ) ਪ੍ਰਭਜੋਤ ਸਿੰਘ ਵਿਰਕ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।