ਪੱਤਰ ਪ੍ਰੇਰਕ
ਬਟਾਲਾ, 27 ਜਨਵਰੀ
ਦੇਸ਼ ਦਾ 73ਵਾਂ ਗਣਤੰਤਰ ਦਿਵਸ ਸਥਾਨਕ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਮਨਾਇਆ ਗਿਆ, ਇਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਬਟਾਲਾ ਰਾਮ ਸਿੰਘ ਨੇ ਨਿਭਾਈ। ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ ਰਾਮ ਸਿੰਘ ਨੇ ਪਰੇਡ ਦਾ ਮੁਆਇਨਾ ਕੀਤਾ। ਐੱਸਆਈ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੇ ਜਵਾਨਾਂ, ਮਹਿਲਾ ਪੁਲੀਸ, ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਐੱਨਸੀਸੀ ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਰਾਮ ਸਿੰਘ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋ ਗਿਆ ਸੀ ਪਰ 26 ਜਨਵਰੀ, 1950 ਨੂੰ ਸੰਵਿਧਾਨ ਲਾਗੂ ਹੋਣ ਉਪਰੰਤ ਹੀ ਸਹੀ ਮਾਅਨਿਆਂ ਵਿੱਚ ਸਾਡਾ ਦੇਸ਼ ਪੂਰਨ ਗਣਰਾਜ ਬਣਿਆ।
ਧਾਰੀਵਾਲ (ਪੱਤਰ ਪ੍ਰੇਰਕ): ਇਥੇ ਨਗਰ ਕੌਂਸਲ ਦਫਤਰ ਵਿੱਚ ਸਮੂਹ ਸਟਾਫ ਵਲੋਂ ਕਾਰਜਸਾਧਕ ਅਫਸਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਸੈਨੇਟਰੀ ਇੰਸਪੈਕਟਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਥਾਣਾ ਧਾਰੀਵਾਲ ਤੋਂ ਪੰਜਾਬ ਪੁਲੀਸ ਦੀ ਟੁੱਕੜੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਨਗਰ ਨਿਗਮ ਕੰਪਲੈਕਸ ’ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਨਿਗਮ ਦੇ ਸਮੂਹ ਸਟਾਫ਼ ਨੇ ਇਸ ਵਿਚ ਭਾਗ ਲਿਆ। ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨੇ ਕੌਮੀ ਝੰਡਾ ਲਹਿਰਾਇਆ। ਕਮਿਸ਼ਨਰ ਹਿਮਾਂਸ਼ੂ ਜੈਨ ਇਸ ਮੌਕੇ ਵਿਸ਼ੇਸ਼ ਮੌਤ ’ਤੇ ਪੁੱਜੇ। ਇਸ ਮੌਕੇ ਮੇਅਰ ਨੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ। ਉਥੇ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਗਣਤੰਤਰ ਦਿਵਸ ਦੇ ਮੌਕੇ ’ਤੇ ਪਾਰਟੀ ਦਫ਼ਤਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਅਨਾਜ ਮੰਡੀ ਬਲਾਚੌਰ ’ਚ ਦੇਸ਼ ਦਾ 73ਵਾਂ ਗਣਤੰਤਰ ਦਿਵਸ ਸਬ-ਡਵੀਜ਼ਨ ਪੱਧਰ ’ਤੇ ਧੂਮਧਾਮ ਨਾਲ ਮਨਾਇਆ ਗਿਆ। ਐੱਸਡੀਐੱਮ ਬਲਾਚੌਰ ਦੀਪਕ ਰੁਹੇਲਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਦੀਪਕ ਰੁਹੇਲਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਮੂਹ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਅਜਨਾਲਾ (ਪੱਤਰ ਪ੍ਰੇਰਕ): ਤਹਿਸੀਲ ਪੱਧਰੀ ਕਰਵਾਏ ਸਮਾਗਮ ਦੌਰਾਨ ਐੱਸ.ਡੀ.ਐੱਮ ਅਜਨਾਲਾ ਹਰਕੰਵਲਜੀਤ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਸਮਾਗਮ ਸਰਕਾਰੀ ਪੱਧਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ’ਚ ਕਰਵਾਇਆ ਗਿਆ। ਇਸ ਮੌਕੇ ਮਾਰਚ ਪਾਸਟ ਤੋਂ ਸਲਾਮੀ ਐੱਸ.ਡੀ.ਐੱਮ ਕੁਲਪ੍ਰੀਤ ਸਿੰਘ ਨੇ ਲਈ। ਇਸ ਮੌਕੇ ਚਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾ ਨੂੰ ਮੌਕੇ ’ਤੇ ਸਨਮਾਨਿਤ ਕੀਤਾ ਗਿਆ ਤੇ ਬਾਕੀਆਂ ਦਾ ਸਨਮਾਨ ਕਰੋਨਾ ਦੇ ਚੱਲਦਿਆਂ ਘਰੋਂ ਘਰੀ ਪਹੁੰਚਾਇਆ ਗਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਮਨਮੋਹਨ ਸਿੰਘ ਬਾਬਾ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਤੋਵਾਲੀ ਵਿੱਚ ਮਨਾਇਆ ਗਿਆ। ਝੰਡੇ ਦੀ ਰਸਮ ਮੁੱਖ ਮਹਿਮਾਨ ਲਾਇਨ ਦਵਿੰਦਰ ਅਰੋੜਾ ਵਾਈਸ ਡਿਸਟ੍ਰਿਕ ਗਵਰਨ-1. ਵਲੋਂ ਅਦਾ ਕੀਤੀ ਗਈ।
ਜੈਂਤੀਪੁਰ (ਪੱਤਰ ਪ੍ਰੇਰਕ): ਸੱਤਿਆ ਭਾਰਤੀ ਸਕੂਲ ਉਦੋਕੇ ਵਿੱਚ 73ਵਾਂ ਗਣਤੰਤਰ ਦਿਵਸ ਕਰੋਨਾ ਕਾਰਨ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਗੈਰ ਮੌਜੂਦਗੀ ਵਿਚ ਸਕੂਲ ਸਟਾਫ ਵੱਲੋਂ ਮਨਾਇਆ ਗਿਆ।
ਮਜੀਠਾ (ਪੱਤਰ ਪ੍ਰੇਰਕ): ਮਜੀਠਾ ਦੇ ਮਾਰਕੀਟ ਕਮੇਟੀ ਦਫ਼ਤਰ ਕੰਪਲੈਕਸ ਵਿੱਚ ਗਣਤੰਤਰ ਦਿਵਸ ਮਨਾਉਂਦਿਆਂ ਐੱਸਡੀਐੱਮ ਮਜੀਠਾ ਅਮਨਦੀਪ ਕੌਰ ਘੁੰਮਣ ਪੀਸੀਐੱਸ ਵੱਲੋ ਤਿਰੰਗਾਂ ਲਹਿਰਾਇਆ ਗਿਆ। ਇਸ ਮੌਕੇ ਪੁਲੀਸ ਪਾਰਟੀ ਵੱਲੋਂ ਪਰੇਡ ਕਮਾਂਡਰ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਮਾਰਚ ਪਾਸਟ ਕੀਤਾ ਗਿਆ।
ਅੰਮ੍ਰਿਤਸਰ (ਟਨਸ): ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ 73ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਗੈਸਟ ਹਾਊਸ ਦੇ ਬਾਹਰ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਤੋਂ ਇਲਾਵਾ ਅਧਿਕਾਰੀ ਹਾਜ਼ਰ ਸਨ।
ਫਤਹਿਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਨਗਰ ਕੌਂਸਲ ਦਫਤਰ ਫਤਹਿਗੜ੍ਹ ਚੂੜੀਆਂ ’ਚ ਗਣਤੰਤਰ ਦਿਵਸ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਜਸਾਧਕ ਅਫਸਰ ਅਨਿਲ ਕੁਮਾਰ ਚੋਪੜਾ ਵੱਲ਼ੋਂ ਅਦਾ ਕੀਤੀ ਗਈ। ਇਸ ਮੌਕੇ ਕਾਰਜਸਾਧਕ ਅਫਸਰ ਨੇ 73ਵੇਂ ਗਣਤੰਤਰ ਦਿਵਸ ’ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਸਥਾਨਕ ਮੋਹਣ ਲਾਲ ਐੱਸਡੀ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸਰਕਾਰੀ ਹਸਪਤਾਲ ਫਤਹਿਗੜ੍ਹ ਚੂੜੀਆਂ ਅਤੇ ਹੋਰ ਵੱਖ-ਵੱਖ ਥਾਵਾਂ ’ਤੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅਧੀਨ ਚੱਲਦੇ ਪਿੰਗਲਵਾੜਾ ਬਰਾਂਚ ਮਾਨਾਂਵਾਲਾ ਵਿੱਚ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ 73ਵਾਂ ਗਣਤੰਤਰ ਦਿਵਸ ਜੋਸ਼-ਖਰੋਸ਼ ਨਾਲ ਮਨਾਇਆ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਸਥਾਨਕ ਤਹਿਸੀਲ ਕੰਪਲੈਕਸ ਵਿਚ 73ਵੇਂ ਗਣਤੰਤਰ ਦਿਵਸ ਮੌਕੇ ਐੱਸ.ਡੀ.ਐੱਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਨੇ ਕੌਮੀ ਤਿਰੰਗਾ ਲਹਿਰਾਇਆ।
ਸਾਬਕਾ ਫ਼ੌਜੀਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ
ਕਾਹਨੂੰਵਾਨ (ਪੱਤਰ ਪ੍ਰੇਰਕ): ਕਾਹਨੂੰਵਾਨ ਵਿੱਚ ਸਾਬਕਾ ਫ਼ੌਜੀਆਂ ਅਤੇ ਅਧਿਕਾਰੀਆਂ ਵੱਲੋਂ ਗਣਤੰਤਰ ਦਿਵਸ ਰਵਾਇਤੀ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਫੌਜੀ ਜਵਾਨਾਂ ਨੇ ਪੁਰਾਣਾ ਬਾਜ਼ਾਰ ਕਾਹਨੂੰਵਾਨ ਤੋਂ ਇਕ ਵਿਸ਼ਾਲ ਰੋਸ ਮਾਰਚ ਕੱਢਿਆ। ਇਸ ਸਬੰਧੀ ਕਰਨਲ ਗੁਰਮੁਖ ਸਿੰਘ ਬਡਵਾਲ ਨੇ ਦੱਸਿਆ ਕਿ ਉਹ ਹਰ ਸਾਲ 26 ਜਨਵਰੀ ਮੌਕੇ ਸਾਬਕਾ ਫ਼ੌਜੀ ਅਧਿਕਾਰੀਆਂ ਅਤੇ ਫ਼ੌਜੀਆਂ ਨੂੰ ਨਾਲ ਲੈ ਕੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਗਣਤੰਤਰ ਮਾਰਚ ਕੱਢਦੇ ਹਨ। ਇਸ ਮੌਕੇ ਕੁੱਝ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਇੰਦਰਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ।
ਵਿਧਾਇਕ ਰਾਜ ਨੇ ਹਰਮੋਇਆਂ ਵਿੱਚ ਤਿਰੰਗਾ ਲਹਿਰਾਇਆ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪਿੰਡ ਹਰਮੋਇਆਂ ’ਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਇਸ ਗਣਤੰਤਰ ਦਿਵਸ ਨੂੰ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੀਤਾ। ਡਾ. ਰਾਜ ਕੁਮਾਰ ਨੇ ਇਸ ਸ਼ੁੱਭ ਦਿਹਾੜੇ ਦੀ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਅਸੀਂ ਅੱਜ ਜੋ ਇਸ ਆਜਾਦ ਫਿਜ਼ਾ ਦਾ ਅਨੰਦ ਮਾਣ ਰਹੇ ਹਨ, ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਕਰਕੇ ਹੀ ਹੈ। ਡਾ. ਰਾਜ ਨੇ ਕਿਹਾ ਕਿ ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੇ ਭਵਿੱਖ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਵੀ ਦਵਾਉਂਦਾ ਹੈ।